ਕਤਲ ਮਾਮਲੇ ''ਚ 2 ਸਕੇ ਭਰਾ ਗ੍ਰਿਫਤਾਰ, ਪਿਸਤੌਲ-ਕਾਰਤੂਸ ਬਰਾਮਦ

12/06/2019 12:35:47 PM

ਬਠਿੰਡਾ (ਸੁਖਵਿੰਦਰ) : ਬੀਤੀ 3 ਦਸੰਬਰ ਨੂੰ ਪਿੰਡ ਢੱਡ ਰੋਡ ਡਰੇਨ ਦੇ ਪੁਲ 'ਤੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਪੁਲਸ ਨੇ 2 ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਉਨ੍ਹਾਂ ਦਾ ਸਾਥੀ ਅਜੇ ਫਰਾਰ ਹੈ। ਮੁਲਜ਼ਮਾਂ 'ਚ ਸ਼ਾਮਲ ਇਕ ਭਰਾ ਕਬੱਡੀ ਦਾ ਖਿਡਾਰੀ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਇਕ ਪਿਸਤੌਲ ਅਤੇ 6 ਕਾਰਤੂਸ ਵੀ ਬਰਾਮਦ ਕੀਤੇ ਹਨ। ਫਿਲਹਾਲ ਕਤਲ ਦੇ ਕਾਰਨਾਂ ਦਾ ਪੁਲਸ ਖੁਲਾਸਾ ਨਹੀਂ ਕਰ ਸਕੀ ਪਰ ਇਹ ਕਤਲ ਪੁਰਾਣੀ ਰੰਜਿਸ਼ ਕਾਰਣ ਕੀਤਾ ਗਿਆ ਦੱਸਿਆ ਜਾ ਰਿਹਾ ਹੈ।

ਅਣਪਛਾਤੇ ਲੋਕਾਂ  'ਤੇ ਦਰਜ ਕੀਤਾ ਸੀ ਕੇਸ
ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਡੀ) ਗੁਰਬਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਉਕਤ ਮਾਮਲੇ 'ਚ ਪੁਲਸ ਨੇ ਮ੍ਰਿਤਕ ਰਣਜੀਤ ਸਿੰਘ ਰਾਣਾ ਦੇ ਪਿਤਾ ਗੁਰਜੰਟ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਲੋਕਾਂ ਖਿਲਾਫ ਥਾਣਾ ਬਾਲਿਆਵਾਲੀ 'ਚ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਲਈ ਸੀ. ਆਈ. ਏ. ਸਟਾਫ-2 ਅਤੇ ਥਾਣਾ ਪ੍ਰਮੁੱਖ ਬਾਲਿਆਂਵਾਲੀ ਜੈ ਸਿੰਘ ਦੀ ਅਗਵਾਈ 'ਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਾਂਚ ਦੌਰਾਨ ਉਕਤ ਟੀਮਾਂ ਨੇ ਮੁਲਜ਼ਮਾਂ ਰਮਨਦੀਪ ਸਿੰਘ ਰਮਨਾ ਅਤੇ ਯੁੱਧਵੀਰ ਸਿੰਘ ਯੋਧਾ ਵਾਸੀ ਕੁੱਤੀਵਾਲਾ ਕਲਾਂ ਨੂੰ ਗ੍ਰਿਫਤਾਰ ਕਰ ਲਿਆ ਜੋ ਸਕੇ ਭਰਾ ਹਨ। ਉਕਤ ਮਾਮਲੇ ਵਿਚ ਸ਼ਾਮਲ ਇਕ ਹੋਰ ਮੁਲਜ਼ਮ ਜਤਿੰਦਰ ਸਿੰਘ ਬੰਟੀ ਵਾਸੀ ਰਾਣਿਆ, ਜ਼ਿਲਾ ਸਿਰਸਾ ਹਰਿਆਣਾ ਅਜੇ ਪੁਲਸ ਦੀ ਪਹੁੰਚ ਤੋਂ ਦੂਰ ਹੈ।

ਡਰੇਨ ਦੀ ਪਟੜੀ ਤੋਂ ਮਿਲੀ ਸੀ ਲਾਸ਼
ਮ੍ਰਿਤਕ ਰਣਜੀਤ ਸਿੰਘ ਦੀ ਲਾਸ਼ 3 ਦਸੰਬਰ ਨੂੰ ਡਰੇਨ ਦੀ ਪਟੜੀ 'ਤੇ ਪਈ ਮਿਲੀ ਸੀ ਅਤੇ ਉਸਦੀ ਛਾਤੀ 'ਚ ਗੋਲੀ ਮਾਰੀ ਸੀ। ਪੁਲਸ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਵਾਰਦਾਤ 'ਚ ਵਰਤਿਆ ਗਿਆ ਇਕ 312 ਬੋਰ ਦਾ ਪਿਸਤੌਲ, 6 ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਐੱਸ. ਪੀ. ਸੰਘਾ ਨੇ ਦੱਸਿਆ ਕਿ ਫਿਲਹਾਲ ਕਤਲ ਦੇ ਕਾਰਣਾਂ ਬਾਰੇ ਪੂਰਾ ਪਤਾ ਨਹੀਂ ਲਗ ਸਕਿਆ ਹੈ। ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਤਾਂਕਿ ਕਾਰਣਾਂ ਦਾ ਖੁਲਾਸਾ ਹੋ ਸਕੇ।

cherry

This news is Content Editor cherry