ਜਬਰ-ਜ਼ਨਾਹ ਦੇ ਦੋਸ਼ੀ ਨੂੰ 7 ਸਾਲ ਦੀ ਕੈਦ

12/17/2019 11:54:38 AM

ਬਠਿੰਡਾ (ਜ. ਬ.) : ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਕਿਰਨ ਬਾਲਾ ਦੀ ਅਦਾਲਤ ਨੇ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਜੱਗਾ ਸਿੰਘ ਉਰਫ ਜਗਮੀਤ ਸਿੰਘ ਵਾਸੀ ਚੱਕ ਗਿਲਜ਼ੇ ਵਾਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੂੰ 7 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਇਸੇ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੀ ਦੋਸ਼ੀ ਦੀ ਭੈਣ ਨੂੰ ਉਸ ਦੇ ਵਕੀਲ ਗੁਰਤੇਜ ਸਿੰਘ ਗਰੇਵਾਲ ਦੀਆਂ ਪੁਖਤਾ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲੇ ਦੇ ਪਿੰਡ ਬੁਰਜ ਮਹਿਮਾ ਦੇ ਇਕ ਵਿਆਕਤੀ ਨੇ ਥਾਣਾ ਸਦਰ ਬਠਿੰਡਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਨਾਬਾਲਗ ਲੜਕੀ ਨੂੰ ਜੱਗਾ ਸਿੰਘ ਉਰਫ ਜਗਮੀਤ ਸਿੰਘ ਕਿਧਰੇ ਵਰਗਲਾ ਕੇ ਲੈ ਗਿਆ ਹੈ। ਪੁਲਸ ਨੇ ਇਸ ਬਿਆਨ ਦੇ ਆਧਾਰ 'ਤੇ ਜੱਗਾ ਸਿੰਘ ਵਿਰੁੱਧ ਪਰਚਾ ਦਰਜ ਕਰ ਲਿਆ ਸੀ ਅਤੇ ਕਰੀਬ 3 ਮਹੀਨਿਆਂ ਪਿੱਛੋਂ ਜੱਗਾ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਲੜਕੀ ਬਰਾਮਦ ਕਰ ਲਈ ਸੀ। ਲੜਕੀ ਨੇ ਅਦਾਲਤ 'ਚ ਦੱਸਿਆ ਕਿ ਦੋਸ਼ੀ ਉਸ ਦੀ ਮਰਜ਼ੀ ਦੇ ਵਿਰੁੱਧ ਜਬਰ-ਜ਼ਨਾਹ ਕਰਦਾ ਰਿਹਾ ਅਤੇ ਉਸ ਨੂੰ ਦੋਸ਼ੀ ਦੀ ਭੈਣ ਨੇ ਬਰਫੀ 'ਚ ਕੋਈ ਨਸ਼ੀਲੀ ਚੀਜ਼ ਪਾ ਕੇ ਦੇ ਦਿੱਤੀ ਸੀ, ਜਿਸ ਪਿੱਛੋਂ ਦੋਸ਼ੀ ਉਸ ਨੂੰ ਕਿਧਰੇ ਲੈ ਗਿਆ ਸੀ। ਪੁਲਸ ਨੇ ਲੜਕੀ ਦੀ ਡਾਕਟਰੀ ਜਾਂਚ ਤੋਂ ਬਾਅਦ ਜੱਗਾ ਸਿੰਘ ਵਿਰੁੱਧ ਦਰਜ ਮਾਮਲੇ ਦੀਆਂ ਧਾਰਾਵਾਂ 'ਚ ਜਬਰ-ਜ਼ਨਾਹ ਦੀ ਧਾਰਾ ਵੀ ਜੋੜ ਦਿੱਤੀ ਸੀ। ਅਦਾਲਤ ਨੇ ਸੀ. ਪੀ. ਆਰ. ਸੀ. ਸੈਕਸ਼ਨ 319 ਤਹਿਤ ਦੋਸ਼ੀ ਦੀ ਭੈਣ ਨੂੰ ਵੀ ਕੇਸ 'ਚ ਸ਼ਾਮਲ ਕਰ ਲਿਆ ਸੀ। ਇਸੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੋਮਵਾਰ ਨੂੰ ਦੋਸ਼ੀ ਨੂੰ 7 ਸਾਲ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਅਤੇ ਉਸ ਦੀ ਭੈਣ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਹਨ।


cherry

Content Editor

Related News