ਬਠਿੰਡਾ ਅਨਾਜ ਮੰਡੀ ਦੀ ਜ਼ਮੀਨੀ ਹਕੀਕਤ, ਕਿਸਾਨ ਹੋ ਰਿਹਾ ਖੱਜਲ-ਖੁਆਰ

10/17/2018 1:34:37 PM

ਬਠਿੰਡਾ (ਅਮਿਤ ਸ਼ਰਮਾ)—ਬਠਿੰਡਾ ਦੀ ਅਨਾਜ ਮੰਡੀ 'ਚ ਇਸ ਵਾਰ ਫਿਰ ਕਿਸਾਨਾਂ ਨੂੰ ਝੋਨੇ ਦੀ ਫਸਲ ਨੂੰ ਲੈ ਕੇ ਪਰੇਸ਼ਾਨ ਹੋਣਾ ਪੈ ਰਿਹਾ ਹੈ। ਕਿਸਾਨ 5-6 ਦਿਨ ਤੋਂ ਮੰਡੀ 'ਚ ਬੈਠੇ ਹੋਏ ਹਨ ਪਰ ਅਜੇ ਤੱਕ ਸਰਕਾਰੀ ਖਰੀਦ ਨਹੀਂ ਹੋਈ। ਬੇਸ਼ੱਕ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਿਸਾਨਾਂ ਨੂੰ ਮੰਡੀ 'ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਹਕੀਕਤ ਕੁਝ ਹੋਰ ਹੀ ਹੈ। ਮੰਡੀ 'ਚ ਕਿਸਾਨਾਂ ਨੂੰ ਝੋਨਾ ਰੱਖਣ ਦੀ ਥਾਂ ਨਹੀਂ ਮਿਲ ਰਹੀ ਸੀ, ਨਾ ਹੀ ਛਾਂ ਦਾ ਪ੍ਰਬੰਧ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ। ਹਰ ਜਗ੍ਹਾ 'ਤੇ ਕਿਸਾਨ ਪਰੇਸ਼ਾਨ ਹੀ ਨਜ਼ਰ ਆ ਰਿਹਾ ਹੈ। 

ਦੱਸਣਯੋਗ ਹੈ ਕਿ ਜਦੋਂ ਇਸ ਬਾਰੇ 'ਚ ਮੰਡੀ ਜਾ ਕੇ ਜਗਬਾਣੀ ਟੀਮ ਨੇ ਜਾਇਜ਼ਾ ਲਿਆ ਤਾਂ ਮੰਡੀ ਦਾ ਨਜ਼ਾਰਾ ਕੁਝ ਹੋਰ ਹੀ ਸੀ। ਕਈ ਕਿਸਾਨ ਇਕ ਹਫਤੇ ਤੋਂ ਮੰਡੀ 'ਚ ਬੈਠੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੋ ਸਰਕਾਰੀ ਖਰੀਦ ਏਜੰਸੀਆਂ ਹਨ ਉਨ੍ਹਾਂ ਨੇ ਅਜੇ ਤੱਕ ਮੰਡੀ 'ਚ ਖਰੀਦ ਸ਼ੁਰੂ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਦੇਰ ਰਾਤ ਮੰਡੀ 'ਚ ਬੈਠਣਾ ਪੈਂਦਾ ਹੈ। ਇਸ ਦੇ ਇਲਾਵਾ ਕਿਸਾਨਾਂ ਨੇ ਕਿਹਾ ਕਿ ਮੰਡੀ 'ਚ ਕੋਈ ਵੀ ਪ੍ਰਬੰਧ ਨਹੀਂ ਹੈ ਨਾ ਤਾਂ ਪੀਣ ਵਾਲਾ ਪਾਣੀ, ਨਾ ਹੀ ਛਾਂ ਅਤੇ ਨਾ ਹੀ ਸਹੀ ਫਰਸ਼ ਹੈ। ਇਸ ਦੇ ਕਾਰਨ ਝੋਨਾ ਸੜਕ ਕਿਨਾਰੇ ਰੱਖਣਾ ਪੈ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਬਠਿੰਡਾ 'ਚ ਸਰਕਾਰੀ ਖਰੀਦ ਕਰਵਾ ਕੇ ਕਿਸਾਨਾਂ ਦੀ ਫਸਲ ਖਰੀਦਣ।