ਬੱਸਾਂ ''ਚ ਲੱਚਰ ਤੇ ਉਤੇਜਕ ਗੀਤ ਚਲਾਉਣ ਵਾਲਿਆਂ ਖ਼ਿਲਾਫ਼ ਟਰਾਂਸਪੋਰਟ ਵਿਭਾਗ ਕਰੇਗਾ ਕਾਰਵਾਈ

02/11/2020 4:56:04 PM

ਬਠਿੰਡਾ (ਵਰਮਾ) : ਪੰਜਾਬ ਸਰਕਾਰ ਵੱਲੋਂ ਬੱਸਾਂ ਵਿਚ ਕੋਈ ਵੀ ਲੱਚਰਤਾ, ਹਿੰਸਾ ਜਾ ਨਸ਼ਿਆਂ ਵਾਲਾ ਆਡੀਓ, ਵੀਡੀਓ ਲਗਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਸ੍ਰੀ ਉਦੈਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੱਸਾਂ ਜਾਂ ਗੱਡੀਆਂ ਵਿਚ ਕੋਈ ਵੀ ਉੱਚੀ ਆਵਾਜ਼ ਵਾਲਾ ਸੰਗੀਤ ਆਡੀਓ ਜਾਂ ਵੀਡੀਓ ਚੱਲਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਮੱਦੇਨਜ਼ਰ ਪਿਛਲੇ ਤਿੰਨ ਦਿਨਾਂ ਦੌਰਾਨ ਟਰਾਂਸਪੋਰਟ ਵਿਭਾਗ ਵਲੋਂ 25 ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ 10 ਬੱਸਾਂ ਦੇ ਚਲਾਣ ਵੀ ਕੀਤੇ ਗਏ।

ਉਨ੍ਹਾਂ ਕਿਹਾ ਕਿ ਬੱਸਾਂ 'ਚ ਉੱਚੀ ਆਵਾਜ਼ ਵਾਲਾ ਸੰਗੀਤ ਸੁਰੱਖਿਅਤ ਡਰਾਈਵਿੰਗ ਵਿਚ ਵਿਘਨ ਪਾਉਂਦਾ ਹੈ। ਇਸ ਲਈ ਕਿਸੇ ਵੀ ਬੱਸ ਵਿਚ ਉੱਚੀ ਆਵਾਜ਼ ਵਿਚ ਸੰਗੀਤ ਜਾਂ ਲੱਚਰਤਾ ਤੇ ਉਤੇਜਕ ਗੀਤ ਨਾ ਲਗਾਏ ਜਾਣ। ਜੇਕਰ ਭਵਿੱਖ ਵਿਚ ਕਿਸੇ ਵੀ ਬੱਸ ਵਿਚ ਇਸ ਤਰ੍ਹਾਂ ਦਾ ਸੰਗੀਤ ਆਡੀਓ ਜਾਂ ਵੀਡੀਓ ਚੱਲਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਦੈਦੀਪ ਸਿੰਘ ਸਿੱਧੂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਵੀ ਇਸ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਸਿੱਧਾ ਦਫ਼ਤਰ ਰਿਜਨਲ ਟਰਾਂਸਪੋਰਟ ਅਥਾਰਿਟੀ ਵਿਖੇ ਸੰਪਰਕ ਕਰ ਸਕਦਾ ਹੈ।

cherry

This news is Content Editor cherry