ਬਠਿੰਡਾ ’ਚ ਡੇਂਗੂ ਨਾਲ ਪਹਿਲੀ ਮੌਤ, ਪਰਿਵਾਰ ਨੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਲਾਏ ਦੋਸ਼

10/09/2021 10:37:11 AM

ਬਠਿੰਡਾ (ਵਰਮਾ): ਬਠਿੰਡਾ ਵਿਚ ਡੇਂਗੂ ਕਾਰਨ ਪਹਿਲੀ ਮੌਤ ਪ੍ਰਾਈਵੇਟ ਹਸਪਤਾਲ ਦਿੱਲੀ ਹਾਰਟ ’ਚ ਦਾਖਲ 30 ਸਾਲਾ ਨੌਜਵਾਨ ਦੀ ਦਰਜ ਕੀਤੀ ਗਈ। ਮੌਤ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਵਿਚ ਦੋ ਘੰਟਿਆਂ ਲਈ ਹੰਗਾਮਾ ਕੀਤਾ ਅਤੇ ਹਸਪਤਾਲ ਦੇ ਡਾਕਟਰਾਂ ’ਤੇ ਇਲਾਜ ’ਚ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ। ਇਸ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ। ਪਰਿਵਾਰਕ ਮੈਂਬਰਾਂ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦੇ ਡਾਕਟਰਾਂ ਨਾਲ ਮਿਲਵਾਇਆ। ਅੱਧੇ ਘੰਟੇ ਤਕ ਚੱਲੀ ਗੱਲਬਾਤ ਤੋਂ ਬਾਅਦ, ਪ੍ਰਦਰਸ਼ਨਕਾਰੀ ਮ੍ਰਿਤਕ ਦੀ ਲਾਸ਼ ਨਾਲ ਲੈ ਕੇ ਚਲੇ ਗਏ।

ਦਰਅਸਲ, ਜਨਤਾ ਨਗਰ ਦੀ ਵਸਨੀਕ ਬਬਲੀ ਰਾਣੀ ਨੇ ਦੱਸਿਆ ਕਿ ਉਸ ਦੇ ਬੇਟੇ ਅਜੇ ਸ਼ਰਮਾ ਨੂੰ ਡੇਂਗੂ ਹੋ ਗਿਆ ਸੀ, ਜਿਸ ਦੇ 50,000 ਪਲੇਟਲੈਟਸ ਸੈਲ ਬਚੇ ਸਨ, ਜਿਸ ਨੂੰ ਵੀਰਵਾਰ ਰਾਤ ਹਸਪਤਾਲ ਲਿਆਂਦਾ ਗਿਆ। ਜਦੋਂ ਉਨ੍ਹਾਂ ਨੇ ਆਯੂਸ਼ਮਾਨ ਬੀਮਾ ਯੋਜਨਾ ਦੇ ਕਾਰਡ ਨੂੰ ਚਲਾਉਣ ਬਾਰੇ ਪੁੱਛਿਆ ਤਾਂ ਡਾਕਟਰਾਂ ਨੇ ਕਿਹਾ ਕਿ ਕਾਰਡ ਕੰਮ ਕਰ ਰਿਹਾ ਹੈ, ਫਿਰ ਕਾਰਡ ਦੀ ਜਾਂਚ ਕਰਨ ਤੋਂ ਬਾਅਦ ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਕਾਰਡ ਬੰਦ ਪਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਆਪਣੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ 3 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਬਬਲੀ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਰਾਤ ਨੂੰ ਹੀ ਮੌਤ ਹੋ ਗਈ ਸੀ ਪਰ ਉਸ ਨੂੰ ਸ਼ੁੱਕਰਵਾਰ ਸਵੇਰੇ ਉਸ ਦੇ ਪੁੱਤਰ ਦੀ ਮੌਤ ਬਾਰੇ ਸੂਚਿਤ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਬੇਟੇ ਦੀ 50,000 ਪਲੇਟਲੈਟਸ ਸੈਲ ਨਾਲ ਮੌਤ ਨਹੀਂ ਹੋ ਸਕਦੀ। ਡਾਕਟਰਾਂ ਦੇ ਇਲਾਜ ’ਚ ਲਾਪਰਵਾਹੀ ਕਾਰਨ ਮਰੀਜ਼ ਦੀ ਮੌਤ ਹੋ ਗਈ।

ਦੂਜੇ ਪਾਸੇ ਮਰੀਜ਼ ਦਾ ਇਲਾਜ ਕਰ ਰਹੇ ਡਾਕਟਰ ਰੋਹਿਤ ਨੇ ਕਿਹਾ ਕਿ ਮਰੀਜ਼ ਨੂੰ ਡੇਂਗੂ ਸੀ, ਉਸ ਦੇ ਪਲੇਟਲੈਟਸ 27 ਹਜ਼ਾਰ ਦੇ ਕਰੀਬ ਸਨ, ਜਿਸ ਦਾ ਬੀ.ਪੀ. ਇਲਾਜ ਦੌਰਾਨ ਘੱਟ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਉਸ ਦਾ ਡੇਂਗੂ ਹੋਰ ਵਿਗੜ ਗਿਆ ਸੀ। ਅਜਿਹੀਆਂ ਸਥਿਤੀਆਂ ਵਿਚ, ਮਰੀਜ਼ ਦੇ ਗੁਰਦੇ ਅਤੇ ਜਿਗਰ ਪ੍ਰਭਾਵਿਤ ਹੁੰਦੇ ਹਨ ਅਤੇ ਇਸਦਾ ਪ੍ਰਭਾਵ ਦਿਮਾਗ ਦੀ ਨਬਜ਼ ’ਤੇ ਪਹੁੰਚਦਾ, ਜੋ ਮੌਤ ਦਾ ਕਾਰਨ ਬਣ ਗਿਆ। ਉਨ੍ਹਾਂ ਨੇ ਮਰੀਜ਼ ਦੇ ਇਲਾਜ ਵਿਚ ਕੋਈ ਲਾਪਰਵਾਹੀ ਨਹੀਂ ਕੀਤੀ, ਜਿੱਥੋਂ ਤਕ ਮਰੀਜ਼ ਦੇ ਰਿਸ਼ਤੇਦਾਰਾਂ ਨਾਲ ਬਦਸਲੂਕੀ ਦਾ ਸਬੰਧ ਹੈ, ਇਹ ਦੋਸ਼ ਝੂਠਾ ਹੈ। ਸਾਡੇ ਕੋਲ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ ਜੋ ਪੂਰੇ ਮਾਮਲੇ ਦੀ ਅਸਲੀਅਤ ਦੱਸਣਗੇ। ਫਿਰ ਵੀ, ਜੇਕਰ ਕਿਸੇ ਸਟਾਫ ਮੈਂਬਰ ਨੇ ਕੋਈ ਗਲਤੀ ਕੀਤੀ ਹੈ, ਤਾਂ ਉਹ ਇਸ ਨੂੰ ਉੱਚ ਅਧਿਕਾਰੀਆਂ ਨੂੰ ਭੇਜਣਗੇ।


Shyna

Content Editor

Related News