ਕਾਂਗਰਸੀ ਕੌਂਸਲਰ ਵਿਰੁੱਧ ਰਾਜਸਥਾਨ ''ਚ ਠੱਗੀ ਦਾ ਮਾਮਲਾ ਦਰਜ

01/05/2020 2:00:52 PM

ਬਠਿੰਡਾ (ਪਰਮਿੰਦਰ) : ਸਥਾਨਕ ਇਕ ਕਾਂਗਰਸੀ ਕੌਂਸਲਰ ਵਿਰੁੱਧ ਰਾਜਸਥਾਨ ਵਿਖੇ ਇਕ ਠੱਗੀ ਦਾ ਮਾਮਲਾ ਦਰਜ ਹੋਇਆ ਹੈ, ਜਿਸ ਵਿਚ ਇਕ ਰਿਸ਼ਤੇਦਾਰ ਵਲੋਂ ਹੀ ਕੌਂਸਲਰ 'ਤੇ ਨੌਕਰੀ ਦਿਵਾਉਣ ਬਦਲੇ 15 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਕਾਂਗਰਸੀ ਕੌਂਸਲਰ ਮਲਕੀਤ ਸਿੰਘ ਵਾਸੀ ਬਠਿੰਡਾ ਦੇ ਇਕ ਰਿਸ਼ਤੇਦਾਰ ਦਰਸ਼ਨ ਸਿੰਘ ਵਾਸੀ ਰਤਨਪੁਰਾ ਨੇ ਥਾਣਾ ਸੰਗਰੀਆ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਬੇਟੀ ਬੀ. ਟੈੱਕ. ਦੀ ਪੜ੍ਹਾਈ ਕਰਕੇ ਨੌਕਰੀ ਦੀ ਤਲਾਸ਼ 'ਚ ਸੀ। ਇਸੇ ਦੌਰਾਨ 2018 'ਚ ਮਲਕੀਤ ਸਿੰਘ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ 'ਚ ਉਨ੍ਹਾਂ ਦੀ ਖਾਸੀ ਚਲਦੀ ਹੈ। ਇਸ ਲਈ ਜੇਕਰ 15 ਲੱਖ ਰੁਪਏ ਦੇਣ ਤਾਂ ਉਹ ਲੜਕੀ ਨੂੰ ਪੁੱਡਾ 'ਚ ਸਰਕਾਰੀ ਨੌਕਰੀ ਦਿਵਾ ਸਕਦਾ ਹੈ। ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਲਕੀਤ ਸਿੰਘ ਨੂੰ 15 ਲੱਖ ਰੁਪਏ ਦੇ ਦਿੱਤੇ। ਜਿਸ ਤੋਂ ਬਾਅਦ 13 ਨਵੰਬਰ 2018 ਨੂੰ ਉਨ੍ਹਾਂ ਨੂੰ ਡਾਕ ਰਾਹੀਂ ਇਕ ਪੱਤਰ ਮਿਲਿਆ ਕਿ ਲੜਕੀ 23 ਫਰਵਰੀ 2019 ਨੂੰ ਪੁੱਡਾ ਦੇ ਦਫ਼ਤਰ ਮੋਹਾਲੀ ਵਿਖੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਪਹੁੰਚ ਜਾਵੇ। ਫਿਰ ਉਹ ਆਪਣੀ ਲੜਕੀ ਨੂੰ ਨਾਲ ਲੈ ਕੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਪੁੱਡਾ ਮੁਹਾਲੀ ਵਿਖੇ ਪਹੁੰਚਿਆ। ਜਿਥੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਪੁੱਡਾ ਵਲੋਂ ਅਜਿਹਾ ਕੋਈ ਪੱਤਰ ਜਾਰੀ ਹੀ ਨਹੀਂ ਕੀਤਾ ਗਿਆ। ਇਹ ਕਿਸੇ ਤਰ੍ਹਾਂ ਦੀ ਜਾਅਲਸਾਜ਼ੀ ਹੈ। ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਆਪਣੀ ਗਲਤੀ ਮੰਨ ਕੇ ਪੈਸੇ ਵਾਪਸ ਦੇਣ ਦੀ ਗੱਲ ਕਹਿ ਦਿੱਤੀ ਪਰ ਕਰੀਬ ਇਕ ਸਾਲ ਬੀਤਣ 'ਤੇ ਪੈਸੇ ਵਾਪਸ ਨਹੀਂ ਦਿੱਤੇ ਗਏ। ਅੰਤ ਉਨ੍ਹਾਂ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਪਈ। ਹੁਣ ਸੰਗਰੀਆ ਪੁਲਸ ਨੇ ਮਲਕੀਤ ਸਿੰਘ ਵਿਰੁੱਧ ਧੋਖਾਦੇਹੀ ਦਾ ਮੁਕੱਦਮਾ ਦਰਜ ਕਰ ਲਿਆ ਹੈ। ਇਹ ਦੋਸ਼ ਸੱਚੇ ਹਨ ਜਾਂ ਝੂਠੇ, ਇਹ ਤਾਂ ਪੁਲਸ ਦੀ ਜਾਂਚ ਹੀ ਦੱਸੇਗੀ ਪਰ ਇਕ ਵਾਰ ਕਾਂਗਰਸੀ ਕੌਂਸਲਰ ਦਾ ਸਿਆਸੀ ਕਰੀਅਰ ਦਾਅ 'ਤੇ ਲੱਗ ਗਿਆ ਹੈ।

ਕੀ ਕਹਿੰਦੇ ਹਨ ਕੌਂਸਲਰ
ਇਸ ਸਬੰਧੀ ਕਾਂਗਰਸੀ ਕੌਂਸਲਰ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਸਦਾ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ। ਜਿਸਦੀ ਖੁੰਦਕ ਵਜੋਂ ਉਸ ਵਿਰੁੱਧ ਇਕ ਸ਼ਿਕਾਇਤ ਥਾਣਾ ਸੰਗਰੀਆ ਵਿਖੇ ਦਿੱਤੀ ਗਈ ਹੈ। ਇਸਨੂੰ ਮੁਕੱਦਮਾ ਦਰਜ ਕਹਿਣਾ ਬਿਲਕੁੱਲ ਗਲਤ ਹੈ, ਕਿਉਂਕਿ ਰਾਜਸਥਾਨ 'ਚ ਕਾਨੂੰਨ ਹੈ ਕਿ ਸ਼ਿਕਾਇਤ ਨੂੰ ਪਹਿਲਾਂ ਦਰਜ ਕੀਤਾ ਜਾਂਦਾ ਹੈ ਅਤੇ ਜਾਂਚ ਤੋਂ ਬਾਅਦ ਹੀ ਮੁਕੱਦਮਾ ਦਰਜ ਹੁੰਦਾ ਹੈ। ਇਹ ਦੋਸ਼ ਬਿਲਕੁੱਲ ਝੂਠੇ ਤੇ ਬੇਬੁਨਿਆਦ ਹਨ ਪਰ ਇਹ ਸੱਚ ਹੈ ਕਿ ਉਸ ਦਾ ਰਿਸ਼ਤੇਦਾਰ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸਦਾ ਫੈਸਲਾ ਅਦਾਲਤ ਨੇ ਹੀ ਕਰਨਾ ਹੈ। ਜੋ ਦੋਵੇਂ ਧਿਰਾਂ ਨੂੰ ਮਨਜ਼ੂਰ ਕਰਨਾ ਪਵੇਗਾ।


cherry

Content Editor

Related News