ਭਾਕਿਯੂ ਲੱਖੋਵਾਲ ਕਰੇਗੀ ਕੁਨੈਕਸ਼ਨ ਕੱਟਣ ਲਈ ਆਉਣ ਵਾਲੇ ਅਧਿਕਾਰੀਆਂ ਦਾ ਘਿਰਾਓ

02/02/2020 12:05:51 PM

ਬਾਲਿਆਂਵਾਲੀ (ਜ.ਬ.) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਕਾਈ ਬਾਲਿਆਂਵਾਲੀ ਵਲੋਂ ਗੈਰ-ਕਾਨੂੰਨੀ ਤੌਰ 'ਤੇ ਚੱਲ ਰਹੇ ਖੇਤੀ ਮੋਟਰਾਂ ਦਾ ਕੁਨੈਕਸ਼ਨ ਕੱਟਣ ਲਈ ਆਉਣ ਵਾਲੇ ਪਾਵਰਕਾਮ ਅਧਿਕਾਰੀਆਂ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਕਤ ਜਾਣਕਾਰੀ ਦਿੰਦਿਆਂ ਇਕਾਈ ਪ੍ਰਧਾਨ ਜਸਵੰਤ ਸਿੰਘ ਕਾਕਾ ਨੇ ਕਿਹਾ ਕਿ ਪਾਵਰਕਾਮ ਦੇ ਪੇਂਡੂ ਉਪ ਮੰਡਲ ਦਫਤਰ ਰਾਮਪੁਰਾ ਵਿਖੇ ਆਡਿਟ ਟੀਮ ਵਲੋਂ ਕੁਝ ਬਿਜਲੀ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਲਾਕੇ ਦੇ ਪਿੰਡਾਂ 'ਚ ਜਾਅਲੀ ਖੇਤੀ ਮੋਟਰਾਂ ਦੇ ਕੁਨੈਕਸ਼ਨ ਦੇਣ ਦਾ ਵੱਡਾ ਘਪਲਾ ਸਾਹਮਣੇ ਆਇਆ ਹੈ ਅਤੇ ਇਸ ਦੀ ਜਾਂਚ ਇਨਫੋਰਮੈਂਟ ਵਲੋਂ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਜਾਅਲੀ ਕੁਨੈਕਸ਼ਨ ਦਿੱਤੇ ਗਏ ਹਨ ਤਾਂ ਇਨ੍ਹਾਂ 'ਚ ਪਾਵਰਕਾਮ ਦੇ ਅਧਿਕਾਰੀ ਦੋਸ਼ੀ ਹਨ ਪਰ ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਮੋਟੀ ਰਿਸ਼ਵਤ ਲੈ ਕੇ ਅਜਿਹੇ ਗਲਤ ਕੰਮ ਕਰਨ ਵਾਲੇ ਦੋਸ਼ੀ ਅਧਿਕਾਰੀਆਂ ਦੀ ਪੜਤਾਲ ਕਰ ਕੇ ਬਣਦੀ ਸਜ਼ਾ ਦੇਵੇ ਪਰ ਜ਼ਿਮੀਂਦਾਰਾਂ ਨੂੰ ਪ੍ਰੇਸ਼ਾਨ ਨਾ ਕਰੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਦੇ ਕਰਮਚਾਰੀ ਬੇਕਸੂਰ ਕਿਸਾਨਾਂ ਦਾ ਕੁਨੈਕਸ਼ਨ ਕੱਟਣ ਆਏ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਜਥੇਬੰਦੀ ਇਸ ਖਿਲਾਫ ਵੱਡਾ ਸੰਘਰਸ਼ ਵਿੱਢੇਗੀ। ਇਸ ਮੌਕੇ ਪ੍ਰਧਾਨ ਜਸਵੰਤ ਕਾਕਾ, ਮੀਤ ਪ੍ਰਧਾਨ ਹਰਿੰਦਰ ਸਿੰਘ ਅਤੇ ਗੁਰਚਰਨ ਸਿੰਘ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।


cherry

Content Editor

Related News