ਬਠਿੰਡਾ : ਐਡਵਾਂਸ ਕੈਂਸਰ ਸੈਂਟਰ ’ਚ ਕੋਰੋਨਾ ਕਾਰਨ ਕੈਂਸਰ ਪੀੜਤਾਂ ’ਚ ਡਰ ਦਾ ਮਾਹੌਲ

05/11/2021 5:32:18 PM

ਬਠਿੰਡਾ (ਕੁਨਾਲ ਬਾਂਸਲ)-ਪੰਜਾਬ ’ਚ ਕੋਰੋਨਾ ਦਿਨੋ-ਦਿਨੋ ਪੈਰ ਪਸਾਰਦਾ ਜਾ ਰਿਹਾ ਹੈ ਤੇ ਇਸ ਨਾਲ ਮੌਤਾਂ ਦੀ ਗਿਣਤੀ ਵਧਣ ਦਾ ਸਿਲਸਿਲਾ ਜਾਰੀ ਹੈ। ਇਸ ਤੋਂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਕਈ ਹਸਪਤਾਲਾਂ ਨੂੰ ਕੋਵਿਡ ਦੇ ਮਰੀਜ਼ਾਂ ਲਈ ਤਿਆਰ ਕਰਵਾਇਆ ਹੈ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਬਠਿੰਡਾ ਦੇ ਐਡਵਾਂਸ ਕੈਂਸਰ ਸੈਂਟਰ ਨੂੰ ਕੋਵਿਡ ਸੈਂਟਰ ’ਚ ਤਬਦੀਲ ਕੀਤਾ ਗਿਆ ਹੈ। ਇਸ ਕਾਰਨ ਇਥੇ ਇਲਾਜ ਕਰਵਾਉਣ ਆ ਰਹੇ ਕੈਂਸਰ ਪੀੜਤਾਂ ’ਚ ਡਰ ਦਾ ਮਾਹੌਲ ਹੈ।

ਜ਼ਿਕਰਯੋਗ ਹੈ ਕਿ ਹੁਣ ਇਕ ਕੈਂਸਰ ਪੀੜਤ ਔਰਤ ਤੇ ਇਕ ਲੈਬ ਟੈਕਨੀਸ਼ੀਅਨ ਦੇ ਨਾਲ ਹੀ ਇਕ ਐਂਬੂਲੈਂਸ ਡਰਾਈਵਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਕੈਂਸਰ ਪੀੜਤ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਹ ਕੀਮੋਥੈਰੇਪੀ ਕਰਵਾਉਣ ਲਈ ਐਡਵਾਂਸ ਕੈਂਸਰ ਸੈਂਟਰ ’ਚ ਆਈ ਸੀ। ਤੁਹਾਨੂੰ ਦੱਸ ਦੇਈਏ ਕਿ ਬਠਿੰਡਾ ਕੈਂਸਰ ਹਸਪਤਾਲ ’ਚ ਜੋ ਕੋਵਿਡ ਸੈਂਟਰ ਤਿਆਰ ਕੀਤਾ ਗਿਆ ਹੈ, ਇਸ ’ਚ ਕੋਰੋਨਾ ਮਰੀਜ਼ਾਂ ਲਈ 25 ਬੈੱਡ ਹਨ ਤੇ 23 ਕੋਰੋਨਾ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰ ਦੀਪਕ ਗੁਪਤਾ, ਡਾਇਰੈਕਟਰ ਐਡਵਾਂਸ ਕੈਂਸਰ ਹਸਪਤਾਲ, ਬਠਿੰਡਾ ਦੇ ਮੁਤਾਬਕ ਬਠਿੰਡਾ ਸਰਕਾਰੀ ਐਡਵਾਂਸ ਕੈਂਸਰ ਸੈਂਟਰ ਨੂੰ ਕੋਵਿਡ ਸੈਂਟਰ ਬਣਾਉਣ ਦਾ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ।

ਉਸ ਕਾਰਨ ਕੋਰੋਨਾ ਪੀੜਤਾਂ ਦਾ ਇਲਾਜ ਬਠਿੰਡਾ ਕੈਂਸਰ ਸੈਂਟਰ ’ਚ ਕੋਰੋਨਾ ਵਾਰਡ ਤਿਆਰ ਕਰ ਕੇ ਕੀਤਾ ਜਾ ਰਿਹਾ ਹੈ ਪਰ ਹੁਣ ਕੈਂਸਰ ਪੀੜਤ ਔਰਤ ਤੇ ਲੈਬ ਟੈਕਨੀਸ਼ੀਅਨ ਤੇ ਐਂਬੂਲੈਂਸ ਵਰਕਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਗੱਲ ਨੂੰ ਲੈ ਕੇ ਖਤਰਾ ਤਾਂ ਹੈ ਹੀ ਪਰ ਸਾਵਧਾਨੀਆਂ ਪੂਰੀ ਤਰ੍ਹਾਂ ਵਰਤੀਆਂ ਜਾ ਰਹੀਆਂ ਹਨ। ਉਧਰ ਕੈਂਸਰ ਪੀੜਤਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੈਂਸਰ ਹਸਪਤਾਲ ਨੂੰ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਹੀ ਰੱਖਿਆ ਜਾਵੇ। ਇਸ ’ਚ ਜੋ ਕੋਵਿਡ ਸੈਂਟਰ ਬਣਾਇਆ ਗਿਆ ਹੈ, ਉਸ ਨੂੰ ਬੰਦ ਕੀਤਾ ਜਾਵੇ ਤਾਂ ਕਿ ਇਸ ਕਾਰਨ ਕੈਂਸਰ ਪੀੜਤਾਂ ’ਤੇ ਬੁਰਾ ਅਸਰ ਨਾ ਪਵੇ।

Manoj

This news is Content Editor Manoj