ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਦੇਣ ਨਹੀਂ ਪੁੱਜਾ ਕਾਂਗਰਸ ਦਾ ਕੋਈ ਵੱਡਾ ਲੀਡਰ

01/20/2020 12:05:40 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਉਨ੍ਹਾਂ ਦੀ ਬਰਸੀ 'ਤੇ ਐਤਵਾਰ ਨੂੰ ਪਹਿਲੇ ਦਿਨ ਸ਼ਰਧਾਂਜਲੀ ਦੇਣ ਲਈ ਕਾਂਗਰਸ ਦਾ ਕੋਈ ਵੀ ਵੱਡਾ ਲੀਡਰ ਪਿੰਡ ਠੀਕਰੀਵਾਲਾ ਨਹੀਂ ਪੁੱਜਿਆ, ਜਿਸ ਕਾਰਣ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਖਾਸ ਕਰਕੇ ਪ੍ਰਬੰਧਕੀ ਮੈਂਬਰਾਂ ਵਿਚ ਇਸ ਸਬੰਧੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੇਵਾ ਸਿੰਘ ਠੀਕਰੀਵਾਲਾ ਪੰਜਾਬ ਦੇ ਮਹਾਨ ਸ਼ਹੀਦ ਹੋਏ ਹਨ। ਉਨ੍ਹਾਂ ਦੀ ਬਰਸੀ ਹਰ ਸਾਲ 19 ਤੋਂ ਲੈ ਕੇ 21 ਜਨਵਰੀ ਤੱਕ ਪਿੰਡ ਠੀਕਰੀਵਾਲਾ ਵਿਚ ਮਨਾਈ ਜਾਂਦੀ ਹੈ। ਪਹਿਲੇ ਦਿਨ ਪੰਜਾਬ ਵਿਚ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ, ਉਸ ਪਾਰਟੀ ਦੇ ਆਗੂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਆਉਂਦੇ ਹਨ। ਦੂਜੇ ਦਿਨ ਵਿਰੋਧੀ ਧਿਰ ਦੇ ਆਗੂ ਸ਼ਰਧਾਂਜਲੀ ਦੇਣ ਲਈ ਆਉਂਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਹੋਰ ਵੀ ਕਈ ਵੱਡੇ ਆਗੂ ਪੁੱਜ ਚੁੱਕੇ ਹਨ। ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਪਹਿਲੀ ਸਰਕਾਰ ਸਮੇਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ 'ਤੇ ਪਿੰਡ ਠੀਕਰੀਵਾਲਾ ਪੁੱਜੇ ਸਨ ਪਰ 2017 ਵਿਚ ਸਰਕਾਰ ਬਣਨ ਤੋਂ ਬਾਅਦ ਉਹ ਸ਼ਰਧਾਂਜਲੀ ਦੇਣ ਲਈ ਪਿੰਡ ਠੀਕਰੀਵਾਲਾ ਨਹੀਂ ਪੁੱਜੇ। ਨਾ ਹੀ ਕੋਈ ਹੋਰ ਵੱਡਾ ਲੀਡਰ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜਿਆ। ਸਿਰਫ ਹਲਕਾ ਮਹਿਲ ਕਲਾਂ ਦੀ ਇੰਚਾਰਜ ਹਰਚੰਦ ਕੌਰ ਘਨੌਰੀ ਹੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ।

ਕਾਂਗਰਸ ਦੀ ਸਰਕਾਰ ਨੇ ਤਾਂ ਮਹਾਨ ਸ਼ਹੀਦ ਨੂੰ ਵੀ ਭੁਲਾ ਦਿੱਤਾ
ਗੱਲਬਾਤ ਕਰਦਿਆਂ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਨੰਬਰਦਾਰ ਬਲਦੇਵ ਸਿੰਘ ਅਤੇ ਰਣਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੀ ਨੂੰ 3 ਸਾਲ ਹੋ ਚੁੱਕੇ ਹਨ। ਇਨ੍ਹਾਂ ਤਿੰਨਾਂ ਸਾਲਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਪੁੱਜੇ। ਇਸ ਸਾਲ ਤਾਂ ਹੱਦ ਹੀ ਹੋ ਗਈ ਹੈ। ਕਾਂਗਰਸ ਦਾ ਕੋਈ ਵੀ ਵੱਡਾ ਲੀਡਰ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਪੁੱਜਿਆ। ਇਸ ਸਰਕਾਰ ਨੇ ਤਾਂ ਮਹਾਨ ਸ਼ਹੀਦ ਦੀ ਕੁਰਬਾਨੀ ਵੀ ਭੁਲਾ ਦਿੱਤੀ ਜਦੋਂਕਿ ਅਤੀਤ 'ਚ ਮੁੱਖ ਮੰਤਰੀ ਤੋਂ ਇਲਾਵਾ ਕੇਂਦਰ ਦੇ ਵੱਡੇ ਲੀਡਰ ਵੀ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪੁੱਜਦੇ ਸਨ।

cherry

This news is Content Editor cherry