ਬਰਨਾਲਾ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਹਥਿਆਰ ਤੇ ਹੋਰ ਨਾਜਾਇਜ਼ ਸਮੱਗਰੀ ਸਣੇ 23 ਵਿਅਕਤੀ ਕੀਤੇ ਕਾਬੂ

04/28/2022 11:39:31 AM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਬਰਨਾਲਾ ਪੁਲਸ ਨੇ ਵੱਡੀ ਗਿਣਤੀ ’ਚ ਚੋਰੀ ਕੀਤੇ ਗਏ ਮੋਟਰਸਾਈਕਲਾਂ, ਨਾਜਾਇਜ਼ ਹਥਿਆਰ ਅਤੇ ਨਸ਼ੇ ਵਾਲੇ ਪਦਾਰਥਾਂ ਸਮੇਤ 23 ਵਿਅਕਤੀਆਂ ਨੂੰ ਕਾਬੂ ਕੀਤਾ। ਪ੍ਰੈੱਸ ਕਾਨਫਰੰਸ ’ਚ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਸ਼ਹਿਰ ’ਚ ਵਧ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ’ਚ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੰਦਰਜੀਤ ਸਿੰਘ, ਮੋਹਿਤ ਕੁਮਾਰ, ਸੁਖਪ੍ਰੀਤ ਸਿੰਘ, ਹਰਜਿੰਦਰ ਸਿੰਘ ਤੇ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਕੁੱਲ 9 ਮੋਟਰਸਾਈਕਲ ਬਰਾਮਦ ਕੀਤੇ ਗਏ । ਉਨ੍ਹਾਂ ਕੋਲੋਂ 1 ਦੇਸੀ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਇਕ ਬੇਸਬਾਲ ਵੀ ਬਰਾਮਦ ਕੀਤਾ ਗਿਆ। ਦੂਸਰੇ ਮਾਮਲੇ ’ਚ ਗੁਰਦੀਪ ਸਿੰਘ, ਜਸਪਾਲ ਦਾਸ ਵਾਸੀਆਨ ਸੰਘੇੜਾ ਤੇ ਲੱਕੀ ਕੁਮਾਰ ਵਾਸੀ ਬਰਨਾਲਾ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਕੋਲੋਂ ਵੀ 9 ਮੋਟਰਸਾਈਕਲ ਅਤੇ ਦੋ ਬੈਟਰੀਆਂ ਬਰਾਮਦ ਕੀਤੀਆਂ ਗਈਆਂ। ਤੀਜੇ ਕੇਸ ’ਚ ਥਾਣਾ ਸਿਟੀ 2 ਬਰਨਾਲਾ ਦੀ ਪੁਲਸ ਵੱਲੋਂ ਕਰਨ ਕੁਮਾਰ, ਰਵੀ ਕੁਮਾਰ, ਰੋਹਿਤ ਕੁਮਾਰ, ਰਾਜਵੀਰ ਸਿੰਘ ਤੇ ਬਜਰੰਗੀ ਉਰਫ ਸੋਨੂੰ ਵਾਸੀਆਨ ਬਰਨਾਲਾ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਕੋਲੋਂ 3 ਸਕੂਟਰੀਆਂ ਬਰਾਮਦ ਕੀਤੀਆਂ ਗਈਆਂ ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਇਸ ਤੋਂ ਇਲਾਵਾ ਐੱਸ. ਐੱਸ. ਪੀ. ਮਲਿਕ ਨੇ ਦੱਸਿਆ ਕਿ ਪੁਲਸ ਨੇ ਲੱਛਮੀ ਵਾਸੀ ਬਰਨਾਲਾ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 10 ਗ੍ਰਾਮ ਚਿੱਟਾ, ਇਕ ਮਹਿੰਦਰਾ ਪਿੱਕਅਪ ਗੱਡੀ ਤੇ 20 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ | ਪੰਜਵੇਂ ਕੇਸ ’ਚ ਬਰਨਾਲਾ ਦੀ ਪੁਲਸ ਨੇ ਕਰਮਜੀਤ ਕੌਰ ਵਾਸੀ ਕਕਰਾਲਾ, ਰਣਜੀਤ ਸਿੰਘ ਵਾਸੀ ਬਰਨਾਲਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ । ਛੇਵੇਂ ਕੇਸ ’ਚ ਬਰਨਾਲਾ ਪੁਲਸ ਵੱਲੋਂ ਗਗਨਦੀਪ ਕੌਰ, ਦਿਲਬਾਰੋ ਕੌਰ ਅਤੇ ਅੰਜਲੀ ਵਾਸੀਆਨ ਬਰਨਾਲਾ, ਆਸ਼ਾ ਰਾਣੀ ਵਾਸੀ ਮਲੌਦ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਸਾਢੇ 6 ਕਿਲੋ ਗਾਂਜਾ ਅਤੇ 25 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।

PunjabKesari

ਸੱਤਵੇਂ ਕੇਸ ’ਚ ਠੁੱਲੀਵਾਲ ਪੁਲਸ ਵੱਲੋਂ ਜਸਵਿੰਦਰ ਸਿੰਘ ਵਾਸੀ ਸਹੌਰ, ਹਰਦੀਪ ਸਿੰਘ ਅਤੇ ਅਵਤਾਰ ਸਿੰਘ ਵਾਸੀਆਨ ਖਿਆਲੀ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇਕ 32 ਬੋਰ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ, ਇਕ ਚਾਕੂ ਅਤੇ ਇਕ ਕਾਰ ਬਰਾਮਦ ਕੀਤੀ। ਇਸ ਮੌਕੇ ਡੀ. ਐੱਸ. ਪੀ. ਰਾਜੇਸ਼ ਸਨੇਹੀ, ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ, ਥਾਣਾ ਸਿਟੀ 1 ਦੇ ਇੰਚਾਰਜ ਜਗਜੀਤ ਸਿੰਘ ਤੇ ਥਾਣਾ ਸਿਟੀ 2 ਦੇ ਇੰਚਾਰਜ ਲਖਵਿੰਦਰ ਸਿੰਘ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News