ਸੁੰਨਸਾਨ ਘਰ 'ਚ ਦੱਬੀ ਮਿਲੀ ਵਿਅਕਤੀ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
11/18/2019 4:01:12 PM
ਬਰਨਾਲਾ (ਪੁਨੀਤ ਮਾਨ,ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਦੇ ਕਸਬਾ ਪੱਖੋਂ ਕੈਚੀਆਂ ਵਿਚ ਬੀਤੇ ਦਿਨ ਦੇਰ ਸ਼ਾਮ ਇਕ ਸੁੰਨਸਾਨ ਪਏ ਗਏ ਘਰ ਵਿਚੋਂ ਵਿਅਕਤੀ ਦੀ ਜ਼ਮੀਨ ਵਿਚ ਦੱਬੀ ਹੋਈ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਦਰਅਸਲ ਪਿੰਡ ਦੇ ਕੁੱਝ ਵਿਅਕਤੀ ਉਥੋਂ ਲੱਕੜ ਚੁੱਕਣ ਲਈ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਸੁੰਨਸਾਨ ਪਏ ਘਰ ਵਿਚੋਂ ਕੁੱਤਿਆਂ ਨੂੰ ਬਾਹਰ ਨਿਕਲਦੇ ਦੇਖਿਆ। ਫਿਰ ਉਨ੍ਹਾਂ ਨੇ ਖੁੱਦ ਅੰਦਰ ਜਾ ਕੇ ਦੇਖਿਆ ਤਾਂ ਉਥੇ ਇਕ ਵਿਅਕਤੀ ਦੀ ਲਾਸ਼ ਜ਼ਮੀਨ ਵਿਚ ਦੱਬੀ ਪਈ ਸੀ, ਜਿਸ ਦੇ ਬਾਰੇ ਵਿਚ ਉਨ੍ਹਾਂ ਨੇ ਤੁਰੰਤ ਪਿੰਡ ਦੇ ਸਰਪੰਚ ਅਤੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਐਸ.ਐਚ.ਓ. ਇਕਬਾਲ ਸਿੰਘ ਅਤੇ ਡੀ.ਐਸ.ਪੀ. ਤਪਾ ਰਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਲਾਸ਼ ਨੂੰ ਜ਼ਮੀਨ 'ਚੋਂ ਬਾਹਰ ਕੱਢਵਾਇਆ।
ਡੀ.ਐਸ.ਪੀ. ਨੇ ਦੱਸਿਆ ਕਿ ਲਾਸ਼ ਦੀ ਪਛਾਣ ਗੁਰਮੇਲ ਸਿੰਘ (50) ਨਿਵਾਸੀ ਭਗਤਪੁਰਾ ਮੌੜ ਦੇ ਤੌਰ 'ਤੇ ਹੋਈ ਹੈ, ਜੋ ਕਿ ਪਿਛਲੇ 3 ਦਿਨਾਂ ਤੋਂ ਲਾਪਤਾ ਸੀ ਅਤੇ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਥੇ ਹੀ ਮ੍ਰਿਤਕ ਦੇ ਭਰਾ ਜੰਗੀਰ ਸਿੰਘ ਨੇ ਕਿਹਾ ਕਿ ਉਸ ਦੇ ਭਰਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।