ਖਬਰ ਦਾ ਅਸਰ, ਬਰਨਾਲਾ ਸਿਵਲ ਹਸਪਤਾਲ ''ਚ ਚਾਲੂ ਹੋਏ ਦੋਵੇਂ ਵੈਂਟੀਲੇਟਰ

04/10/2020 12:58:23 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): 'ਜਗ ਬਾਣੀ' 'ਚ ਲੱਗੀ ਖਬਰ ''ਨਹੀਂ ਹੋਏ ਅਜੇ ਤੱਕ ਸਿਵਲ ਹਸਪਤਾਲ 'ਚ ਵੈਂਟੀਲੇਟਰ ਚਾਲੂ'' ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਸਿਵਲ ਹਸਪਤਾਲ 'ਚ ਦੋਵੇਂ ਵੈਂਟੀਲੇਟਰਾਂ ਨੂੰ ਚਾਲੂ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੀ ਬੀਮਾਰੀ ਫੈਲਣ ਤੋਂ ਬਾਅਦ 'ਜਗ ਬਾਣੀ' ਵੱਲੋਂ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਸੀ ਕਿ ਸਿਵਲ ਹਸਪਤਾਲ 'ਚ ਇਕ ਵੀ ਵੈਂਟੀਲੇਟਰ ਨਹੀਂ ਹੈ, ਕੋਰੋਨਾ ਦੀ ਬੀਮਾਰੀ ਨਾਲ ਕਿਵੇਂ ਜੰਗ ਜਿੱਤੀ ਜਾਵੇਗੀ ਤਾਂ ਇਸ ਖਬਰ ਦੇ ਅਸਰ 'ਤੇ ਪੰਜਾਬ ਕਾਂਗਰਸ ਦੇ ਆਗੂ ਕੇਵਲ ਸਿੰਘ ਢਿੱਲੋਂ ਨੇ ਸਿਹਤ ਮੰਤਰੀ ਨਾਲ ਰਾਬਤਾ ਕਾਇਮ ਕਰ ਕੇ ਬਰਨਾਲਾ ਸਿਵਲ ਹਸਪਤਾਲ ਲਈ ਦੋ ਵੈਂਟੀਲੇਟਰ ਮਨਜ਼ੂਰ ਕਰਵਾਏ। ਵੈਂਟੀਲੇਟਰ ਹਸਪਤਾਲ 'ਚ ਆ ਵੀ ਗਏ ਸਨ ਪਰ ਕਈ ਦਿਨ ਇਨ੍ਹਾਂ ਨੂੰ ਚਾਲੂ ਨਹੀਂ ਕੀਤਾ ਗਿਆ ਤਾਂ 'ਜਗ ਬਾਣੀ' ਨੇ ਫਿਰ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ, ਜਿਸ ਕਾਰਨ ਸਿਵਲ ਹਸਪਤਾਲ 'ਚ ਦੋਵੇਂ ਵੈਂਟੀਲੇਟਰਾਂ ਨੂੰ ਚਾਲੂ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਭਾਰੀ ਰਾਹਤ ਮਿਲੀ।

ਇਸ ਮੌਕੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਵੱਲੋਂ ਸਰਕਾਰੀ ਹਸਪਤਾਲ ਨੂੰ 2 ਵੈਂਟੀਲੇਟਰ ਮੁਹੱਈਆ ਕਰਵਾਏ ਗਏ ਸਨ, ਉਨ੍ਹਾਂ ਵੱਲੋਂ ਉਦੋਂ ਤੋਂ ਹੀ ਵੈਂਟੀਲੇਟਰ ਚਾਲੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਡਾ.ਗੁਰਇੰਦਰਬੀਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਹੋਇਆ ਸੀ ਜਿਸ ਤਹਿਤ ਅੱਜ ਵੈਂਟੀਲੇਟਰ ਦੇ ਟੈਕਨੀਸ਼ੀਅਨ ਨੂੰ ਬੁਲਾ ਕੇ ਵੈਂਟੀਲੇਟਰ ਚਾਲੂ ਕਰਵਾ ਦਿੱਤੇ ਗਏ ਹਨ। ਢਿੱਲੋਂ ਵੱਲੋਂ ਸਿਹਤ ਵਿਭਾਗ ਲਈ ਕੀਤੇ ਇਸ ਕਾਰਜ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ, ਬਰਨਾਲਾ ਵਾਸੀਆਂ ਅਤੇ ਕਾਂਗਰਸੀ ਵਰਕਰਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ।


Shyna

Content Editor

Related News