ਕੈਪਟਨ ਸਰਕਾਰ ਵਾਅਦੇ ਪੂਰੇ ਕਰਨ 'ਚ ਹੋਈ ਅਸਫਲ : ਲੱਖੋਵਾਲ

10/17/2019 12:30:08 PM

ਬਰਨਾਲਾ (ਪੁਨੀਤ ਮਾਨ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਅੱਜ ਬਰਨਾਲਾ ਦੌਰੇ 'ਤੇ ਸਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਵਾਂਗ ਹੀ ਨਸ਼ਾ ਵਿੱਕ ਰਿਹਾ ਹੈ ਅਤੇ ਕੁੱਝ ਹੀ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ਅਤੇ ਅਜਿਹੇ ਹੋਰ ਵੀ ਕਈ ਵਾਅਦੇ ਸਨ ਜੋ ਸਰਕਾਰ ਪੂਰੇ ਕਰਨ ਵਿਚ ਅਸਫਲ ਸਾਬਿਤ ਹੋ ਰਹੀ ਹੈ। 

ਉਥੇ ਹੀ ਉਨ੍ਹਾਂ ਨੇ ਆਵਾਰਾ ਪਸ਼ੂਆਂ ਦੇ ਹੱਲ ਲਈ 4 ਸਲਾਟਰ ਹਾਊਸ ਖੋਲ੍ਹੇ ਜਾਣ ਦੀ ਮੰਗ ਕੀਤੀ ਹੈ। ਲੱਖੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਆਉਣ ਵਾਲੇ ਸਮੇਂ 'ਚ ਇਕ ਨਵਾਂ ਕਾਨੂੰਨ 'ਮੁਖਤ ਵਪਾਰ ਸੰਧੀ' ਲਾਗੂ ਕਰਨ ਜਾ ਰਹੀ ਹੈ, ਜਿਸ ਨਾਲ ਕਿਸਾਨ ਬਿਲਕੁਲ ਤਬਾਹ ਹੋ ਜਾਣਗੇ। ਇਸ ਕਾਨੂੰਨ ਤਹਿਤ ਵਿਦੇਸ਼ਾਂ ਤੋਂ ਆਉਣ ਵਾਲੇ ਅਨਾਜ ਨੂੰ ਕਰ ਮੁਕਤ ਕਰ ਦਿੱਤਾ ਜਾਵੇਗਾ, ਜਿਸ ਨਾਲ ਕਿਸਾਨ ਦੀ ਫਸਲ ਤੋਂ ਐੱਮ. ਐੱਸ. ਪੀ. ਵੀ ਖਤਮ ਹੋ ਜਾਵੇਗੀ।

ਉਨ੍ਹਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਮੁੱਦੇ 'ਤੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਨਾ ਕਿਸਾਨ ਦੀ ਮਜਬੂਰੀ ਹੈ, ਕਿਉਂਕਿ ਪਰਾਲੀ ਸਾੜਨ ਵਿਚ ਜੇਕਰ ਕਿਸਾਨ ਦੇਰੀ ਕਰਦਾ ਹੈ ਤਾਂ ਕਣਕ ਦੀ ਫ਼ਸਲ ਬੀਜਣ ਵਿਚ ਦੇਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਪਰਾਲੀ ਨਾ ਸਾੜੇ ਤਾਂ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਪ੍ਰਤੀ ਏਕੜ 3000 ਰੁਪਏ ਦਾ ਮੁਆਵਜਾ ਦੇਵੇ।


cherry

Content Editor

Related News