ਆਜ਼ਾਦੀ ਦੇ 72 ਸਾਲ ਬਾਅਦ ਵੀ ਨੌਜਵਾਨ ਵਰਗ ਨਹੀਂ ਹੈ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼

08/14/2019 5:09:34 PM

ਸੰਗਰੂਰ/ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਦੇਸ਼ ਆਜ਼ਾਦ ਹੋਣ ਦੇ 72 ਸਾਲ ਬਾਅਦ ਵੀ ਪੰਜਾਬ ਦਾ ਨੌਜਵਾਨ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹੈ, ਜਿਸ ਕਾਰਨ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਰੋਜ਼ਾਨਾ 700 ਦੇ ਕਰੀਬ ਨੌਜਵਾਨ ਪੰਜਾਬ ਤੋਂ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਇਕ ਨੌਜਵਾਨ ਦੇ ਵਿਦੇਸ਼ ਜਾਣ ਤੇ ਲਗਭਗ 20 ਲੱਖ ਰੁਪਏ ਦਾ ਖਰਚਾ ਆ ਰਿਹਾ ਹੈ। ਕਰੋੜਾਂ ਅਰਬਾਂ ਰੁਪਿਆ ਪੰਜਾਬ ਦਾ ਵਿਦੇਸ਼ਾਂ ਵਿਚ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੀ ਆਰਥਿਕ ਹਾਲਤ ਵੀ ਦਿਨ ਪ੍ਰਤੀਦਿਨ ਖਸਤਾ ਹੁੰਦੀ ਜਾ ਰਹੀ ਹੈ। ਬੁੱਧਜੀਵੀ ਲੋਕਾਂ ਨੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਰੁਖ ਕਰਨ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਜੇਕਰ ਸਰਕਾਰ ਨੇ ਹੁਣ ਵੀ ਕੋਈ ਢੁੱਕਵਾਂ ਕਦਮ ਨਾਲ ਚੁੱਕਿਆ ਤਾਂ ਹਾਲਾਤ ਇਸ ਤੋਂ ਵੀ ਭਿਆਨਕ ਹੋ ਜਾਣਗੇ। ਨੌਜਵਾਨ ਦੇਸ਼ ਦੀ ਰੀਡ ਦੀ ਹੱਡੀ ਹੁੰਦੇ ਹਨ ਜੇਕਰ ਰੀਡ ਦੀ ਹੱਡੀ ਹੀ ਨਾ ਰਹੀ ਤਾਂ ਦੇਸ਼ ਕਿਸਦੇ ਸਹਾਰੇ ਖੜ੍ਹਾ ਹੋਵੇਗਾ। ਇਕ ਪਾਸੇ ਤਾਂ ਸਰਕਾਰ ਦੇਸ਼ ਨੂੰ ਆਰਥਿਕ ਉਨਤੀ ਵੱਲ ਲਿਜਾਣ ਦੀ ਗੱਲ ਕਰ ਰਹੀ ਹੈ  ਪਰ ਆਜ਼ਾਦੀ ਦੇ 72 ਸਾਲ ਬਾਅਦ ਵੀ ਦੇਸ਼ ਦੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਵਧ ਰਿਹਾ ਹੈ। ਸਰਕਾਰ ਵਲੋਂ ਉਨ੍ਹਾਂ ਦੇ ਰੁਝਾਨ ਨੂੰ ਰੋਕਣ ਦੇ ਲਈ ਕੋਈ ਉਚਿਤ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਹਾਲਤ ਦਿਨ-ਪ੍ਰਤੀਦਿਨ ਬਦਤਰ ਹੁੰਦੀ ਜਾ ਰਹੀ ਹੈ। 

ਅਜਿਹੀ ਹਾਲਤ ਰਹੀ ਤਾਂ ਪੰਜਾਬ ਇਕ ਦਿਨ ਹੋ ਜਾਵੇਗਾ ਖਾਲ੍ਹੀ 
ਸ਼ੂਗਰ ਅਤੇ ਘੀ ਐਸੋ. ਦੇ ਪ੍ਰਧਾਨ ਹੀਰਾ ਲਾਲ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਇਕ ਦਿਨ ਅਜਿਹਾ ਆਏਗਾ ਕਿ ਪੰਜਾਬ ਤਾਂ ਖਾਲ੍ਹੀ ਹੋ ਹੀ ਜਾਵੇਗਾ। ਨੌਜਵਾਨਾਂ ਦੇ ਵਿਦੇਸ਼ਾਂ ਵਿਚ ਜਾਣ ਨਾਲ ਪੰਜਾਬ ਦੀ ਆਰਥਿਕ ਹਾਲਤ ਵੀ ਬਹੁਤ ਖਰਾਬ ਹੋ ਚੁੱਕੀ ਹੈ। ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਇਕ ਦਿਨ ਅਜਿਹਾ ਆਏਗਾ ਕਿ ਇਥੇ ਕੰਗਾਲੀ ਦੇ ਹਾਲਾਤ ਹੋ ਜਾਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਰੁਝਾਨ ਨੂੰ ਰੋਕਣ ਲਈ ਉਹ ਵਿਸ਼ੇਸ਼ ਕਦਮ ਚੁੱਕੇ। 

ਡਿਗਰੀ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਦਿੱਤੀ ਜਾਵੇ ਗਰੰਟੀ
ਅਰੋੜਵੰਸ਼ ਸਭਾ ਦੇ ਜਨਰਲ ਸਕੱਤਰ ਹਰੀਸ਼ ਸਿੰਧਵਾਨੀ ਨੇ ਕਿਹਾ ਕਿ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਵੱਲ ਇਸ ਲਈ ਰੁਖ ਕਰ ਰਹੇ ਹਨ ਕਿਉਂਕਿ ਭਾਰਤ ਵਿਚ ਪੜ੍ਹਾਈ ਕਰਕੇ ਵੀ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ। ਇਸ ਲਈ ਉਹ ਵਿਦੇਸ਼ ਵਿਚ ਜਾ ਕੇ ਹੀ ਸੈਟ ਹੋ ਜਾਂਦੇ ਹਨ। ਉਨ੍ਹਾਂ ਜੇਕਰ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੀ ਗਰੰਟੀ ਦੇਵੇ ਤਾਂ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਣ ਘੱਟ ਜਾਵੇਗਾ ਅਤੇ ਪੰਜਾਬ ਫਿਰ ਖੁਸ਼ਹਾਲੀ ਵੱਲ ਵਧ ਜਾਵੇਗਾ।

ਦੇਸ਼ ਵਿਚ ਸਿੱਖਿਆ ਦਾ ਪੱਧਰ ਸੁਧਾਰਨ ਦੀ ਜ਼ਰੂਰਤ 
ਗਮਦੂਰ ਧਨੌਲਾ ਨੇ ਕਿਹਾ ਕਿ ਦੇਸ਼ ਵਿਚ ਸਿੱਖਿਆ ਦਾ ਪੱਧਰ ਸੁਧਾਰਨ ਦੀ ਜਰੂਰਤ ਹੈ। ਨੌਜਵਾਨਾਂ ਨੂੰ ਦੇਸ਼ ਵਿਚ ਸਹੀ ਢੰਗ ਨਾਲ ਸਿੱਖਿਆ ਨਹੀਂ ਮਿਲ ਰਹੀ। ਵਧੀਆ ਸਿੱਖਿਆ ਹਾਸਲ ਕਰਨ ਲਈ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਸਰਕਾਰ ਨੂੰ ਆਪਣੀ ਸਿੱਖਿਆ ਨੀਤੀ ਸੁਧਾਰਨੀ ਪਵੇਗੀ ਅਤੇ ਨੌਜਵਾਨ ਵਰਗ ਨੂੰ ਚੰਗੀਆਂ ਸੁਵਿਧਾਵਾਂ ਦੇਣੀਆਂ ਪੈਣਗੀਆਂ। ਫਿਰ ਹੀ ਨੌਜਵਾਨਾਂ ਦਾ ਆਪਣੇ ਦੇਸ਼ ਵਿਚ ਰਹਿਣ ਦਾ ਦਿਲ ਕਰੇਗਾ।

ਨਸ਼ਿਆਂ ਦੇ ਵਹਿ ਰਹੇ ਦਰਿਆ ਕਾਰਨ ਮਾਪਿਆਂ ਨੂੰ ਹੈ ਚਿੰਤਾ, ਇਸ ਲਈ ਭੇਜ ਰਹੇ ਹਨ ਵਿਦੇਸ਼ 
ਡਾ. ਰੁਪੇਸ਼ ਸਿੰਗਲਾ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿਚ ਵਿਸ਼ੇਸ਼ ਕਰਕੇ ਪੰਜਾਬ ਵਿਚ ਨਸ਼ਿਆਂ ਦਾ ਦਰਿਆ ਵਹਿ ਰਿਹਾ ਹੈ। ਨੌਜਵਾਨ ਨਸ਼ੇ ਦੇ ਦਲਦਲ ਵਿਚ ਫ਼ਸ ਰਹੇ ਹਨ। ਮਾਤਾ-ਪਿਤਾ ਨੂੰ ਚਿੰਤਾ ਰਹਿੰਦੀ ਹੈ ਕਿ ਸਾਡੇ ਬੱਚੇ ਵੀ ਕਿਤੇ ਨਸ਼ੇ ਦੀ ਦਲਦਲ ਵਿਚ ਨਾ ਫਸ ਜਾਣ। ਇਸ ਲਈ ਉਹ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵਿਚ ਭੇਜ ਰਹੇ ਹਨ। ਪੰਜਾਬ ਵਿਚ ਨਸ਼ੇ ਦੇ ਵਿਰੁੱਧ ਸਖ਼ਤੀ ਕਰਨੀ ਪਵੇਗੀ। ਨਸ਼ੇ ਦੇ ਕਾਰਨ ਪੰਜਾਬ ਦੀ ਜਵਾਨੀ ਅਤੇ ਪੈਸਾ ਬਰਬਾਦ ਹੋ ਰਿਹਾ ਹੈ। ਇਸ ਰੁਝਾਨ ਨੂੰ ਸਖ਼ਤੀ ਨਾਲ ਰੋਕਣ ਦੀ ਜ਼ਰੂਰਤ ਹੈ।

ਬੱਚਿਆਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਸਰਕਾਰ ਨੂੰ ਕਈ ਪਹਿਲੂਆਂ 'ਤੇ ਕਰਨਾ ਪਵੇਗਾ ਕੰਮ
ਰੇਡੀਮੇਟ ਐਸੋ. ਦੇ ਪ੍ਰਧਾਨ ਭਾਰਤ ਭੂਸ਼ਣ ਸਕਿੰਟੂ ਨੇ ਕਿਹਾ ਕਿ ਬੱਚਿਆਂ ਦਾ ਵਿਦੇਸ਼ ਜਾਣ ਦਾ ਰੁਝਾਣ ਵਧਣ ਦੇ ਕਈ ਕਾਰਨ ਹਨ। ਇਕ ਤਾਂ ਬੇਰੋਜ਼ਗਾਰੀ ਅਤੇ ਦੂਜਾ ਇੰਨਫ੍ਰਾਸਟਰਕਚਰ ਦਾ ਮਜ਼ਬੂਤ ਨਾ ਹੋਣਾ, ਜਿਸ ਕਾਰਣ ਬੱਚੇ ਵਿਦੇਸ਼ ਵੱਲ ਰੁਖ ਕਰ ਰਹੇ ਹਨ। ਸਰਕਾਰ ਨੂੰ ਠੋਸ ਸਿੱਖਿਆ ਨੀਤੀ ਅਪਣਾਉਣੀ ਚਾਹੀਦੀ ਹੈ ਜਿਸ ਵਿਚ ਜੋ ਬੱਚੇ ਡਿਗਰੀ ਹਾਸਲ ਕਰ ਚੁੱਕੇ ਹਨ ਉਨ੍ਹਾਂ ਨੂੰ ਯੋਗਤਾ ਅਨੁਸਾਰ ਰੋਜ਼ਗਾਰ ਦਿੱਤਾ ਜਾਵੇ। ਜਦੋਂ ਤੱਕ ਬੱਚੇ ਨੂੰ ਰੋਜ਼ਗਾਰ ਨਹੀ ਮਿਲਦਾ ਸਰਕਾਰ ਉਸ ਨੂੰ ਬੇਰੋਜ਼ਗਾਰੀ ਭੱਤਾ ਦੇਵੇ ਤਾਂ ਕਿ ਉਹ ਆਪਣਾ ਜੀਵਨ ਨਿਰਵਾਹ ਚੰਗੇ-ਢੰਗ ਨਾਲ ਕਰ ਸਕੇ।

ਸਿੱਖਿਆ ਅਤੇ ਮੈਡੀਕਲ ਸੁਵਿਧਾ ਪਹਿਲੀ ਬੁਨਿਆਦੀ ਸੁਵਿਧਾ, ਨਹੀਂ ਮਿਲ ਰਹੀ ਲੋਕਾਂ ਨੂੰ 
ਸ਼ੈਲਰ ਐਸੋ. ਦੇ ਪ੍ਰਧਾਨ ਅਜੈਬ ਸਿੰਘ ਜਵੰਧਾ ਨੇ ਕਿਹਾ ਕਿ ਆਮ ਲੋਕਾਂ ਦੀ ਸਿੱਖਿਆ ਅਤੇ ਮੈਡੀਕਲ ਪਹਿਲੀ ਬੁਨਿਆਦੀ ਸੁਵਿਧਾ ਹੈ। ਸਰਕਾਰਾਂ ਨੂੰ ਇਹ ਦੋਵੇਂ ਸੁਵਿਧਾਵਾਂ ਪਹਿਲ ਦੇ ਆਧਾਰ 'ਤੇ ਲੋਕਾਂ ਨੂੰ ਉਪਲੱਬਧ ਕਰਵਾਉਣੀਆਂ ਚਾਹੀਦੀਆਂ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਦੋਵੇਂ ਸੁਵਿਧਾਵਾਂ ਦੀ ਦੇਸ਼ ਵਿਚ ਭਾਰੀ ਕਮੀ ਹੈ। ਇਹ ਚੰਗੀਆਂ ਸੁਵਿਧਾਵਾਂ ਪਾਉਣ ਲਈ ਲੋਕ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ਜੇਕਰ ਸਰਕਾਰ ਇਨ੍ਹਾਂ ਦੋਵੇਂ ਸੁਵਿਧਾਵਾਂ ਨੂੰ ਦੇਸ਼ ਵਿਚ ਉਪਲੱਬਧ ਕਰਵਾ ਦੇਵੇ ਤਾਂ ਨੌਜਵਾਨਾਂ ਦਾ ਰੁਝਾਣ ਵਿਦੇਸ਼ਾਂ ਵੱਲ ਘੱਟ ਹੋ ਜਾਵੇਗਾ। 

cherry

This news is Content Editor cherry