ਬੇਰੋਜ਼ਗਾਰ ਅਧਿਆਪਕਾਂ ਨੇ ਫੂਕੀਆਂ ਮੰਤਰੀ ਮੰਡਲ ਦੀ ਪ੍ਰਵਾਨਗੀ ਦੀਆਂ ਕਾਪੀਆਂ

01/18/2020 1:23:03 PM

ਬਰਨਾਲਾ (ਵਿਵੇਕ ਸਿੰਧਵਾਨੀ) : 4 ਸਤੰਬਰ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਪੱਕਾ-ਮੋਰਚਾ ਲਾ ਕੇ ਬੈਠੇ ਟੈੱਟ ਪਾਸ ਬੇਰੋਜ਼ਗਾਰ ਬੀ. ਐੱਡ ਅਤੇ ਈ. ਟੀ. ਟੀ. ਅਧਿਆਪਕ ਠੰਡ ਦੇ ਬਾਵਜੂਦ ਸੰਘਰਸ਼ ਲਈ ਡਟੇ ਹੋਏ ਹਨ। ਲੰਘੀ 12 ਜਨਵਰੀ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਦਿਆਂ ਬੇਰੋਜ਼ਗਾਰ ਅਧਿਆਪਕਾਂ ਨੇ ਰੋਜ਼ਗਾਰ ਦੀ ਲੋਹੜੀ ਮੰਗੀ ਸੀ। ਪੰਜਾਬ ਸਰਕਾਰ ਦੀ 14 ਜਨਵਰੀ ਦੀ ਕੈਬਨਿਟ ਮੀਟਿੰਗ ਵਿਚ ਬੀ. ਐੱਡ ਅਧਿਆਪਕਾਂ ਲਈ 2182 ਅਤੇ ਈ. ਟੀ.ਟੀ. ਅਧਿਆਪਕਾਂ ਲਈ 500 ਅਸਾਮੀਆਂ ਦੀ ਪ੍ਰਵਾਨਗੀ ਹੋਈ ਹੈ, ਜਿਸ ਨੂੰ ਬੇਰੋਜ਼ਗਾਰਾਂ ਨੇ ਰੱਦ ਕਰਦਿਆਂ 15,000 ਅਸਾਮੀਆਂ ਬੀ. ਐੱਡ ਲਈ ਅਤੇ 12,000 ਅਸਾਮੀਆਂ ਈ.ਟੀ.ਟੀ. ਲਈ ਮੁੱਢ ਤੋਂ ਕੀਤੀ ਜਾ ਰਹੀ ਮੰਗ ਦੀ ਪੂਰਤੀ ਲਈ ਸੰਘਰਸ਼ ਆਰੰਭਿਆ ਹੋਇਆ ਹੈ।

ਇਸੇ ਤਹਿਤ ਯੂਨੀਅਨ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਜਗਜੀਤ ਸਿੰਘ ਜੱਗੀ ਜੋਧਪੁਰ ਦੀ ਅਗਵਾਈ 'ਚ ਮੰਤਰੀ ਮੰਡਲ ਦੀ ਪ੍ਰਵਾਨਗੀ ਦੀਆਂ ਕਾਪੀਆਂ ਫੂਕ ਕੇ ਪ੍ਰਦਰਸ਼ਨ ਕੀਤਾ। ਆਲਾ ਸਿੰਘ ਪਾਰਕ 'ਚ ਇਕੱਤਰ ਹੋਏ ਬੇਰੋਜ਼ਗਾਰ ਨੇ ਕਿਹਾ ਕਿ ਪੰਜਾਬ ਸਰਕਾਰ 2682 ਅਧਿਆਪਕਾਂ ਦੀਆਂ ਅਸਾਮੀਆਂ ਕੱਢ ਕੇ ਬੇਰੋਜ਼ਗਾਰਾਂ ਦੇ ਜ਼ਖਮਾਂ 'ਤੇ ਲੂਣ ਪਾ ਰਹੀ ਹੈ, ਜਦਕਿ ਪੰਜਾਬ ਭਰ 'ਚ 30 ਹਜ਼ਾਰ ਦੇ ਕਰੀਬ ਅਸਾਮੀਆਂ ਖਾਲੀ ਹਨ। ਜਦਕਿ 65 ਹਜ਼ਾਰ ਦੇ ਕਰੀਬ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰ ਬੇਰੋਜ਼ਗਾਰ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਬੇਰੋਜ਼ਗਾਰ ਬੀ. ਐੱਡ ਅਤੇ ਈ. ਟੀ. ਟੀ. ਅਧਿਆਪਕ ਸਿੱਖਿਆ ਮੰਤਰੀ ਗੁਪਤ ਐਕਸ਼ਨ ਕਰ ਕੇ ਰੋਸ ਦਰਜ ਕਰਵਾਉਣਗੇ।

ਉਨ੍ਹਾਂ ਕਿਹਾ ਕਿ ਮੰਗਾਂ ਦਾ ਹੱਲ ਹੋਣ ਉਪਰੰਤ ਹੀ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਲਾਇਆ ਪੱਕਾ-ਮੋਰਚਾ ਚੁੱਕਿਆ ਜਾਵੇਗਾ। ਇਸ ਮੌਕੇ ਆਗੂ ਨਵਜੀਵਨ ਸਿੰਘ, ਅਮਨ ਸੇਖਾਂ, ਅਮਨਦੀਪ ਬਾਵਾ, ਗੁਰਦੀਪ ਰਾਮਗੜ੍ਹ, ਗੁਰ ਅੰਗਦ ਭੋਤਨਾ, ਰਮਨ ਭਦੌੜ, ਮੱਖਣ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਤਿੰਨੇ ਖੁੱਡੀ ਕਲਾਂ ਆਦਿ ਹਾਜ਼ਰ ਸਨ।


cherry

Content Editor

Related News