ਮਹਾਸ਼ਿਵਰਾਤਰੀ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਸਬੰਧੀ SSP ਵੱਲੋਂ ਮੰਦਰ ਪ੍ਰਬੰਧਕਾਂ ਨਾਲ ਮੀਟਿੰਗ

02/20/2020 11:29:19 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ, ਪੁਨੀਤ ਮਾਨ) : ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਜ਼ਿਲਾ ਬਰਨਾਲਾ ਦੀਆਂ ਸਮੂਹ ਮੰਦਰ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਸ਼ਿਵਰਾਤਰੀ ਦੇ ਤਿਉਹਾਰ ਦੇ ਮੌਕੇ 'ਤੇ ਮੰਦਰਾਂ ਅੱਗੇ ਸੁਰੱਖਿਆ ਪ੍ਰਬੰਧ ਕਰਨ ਸਬੰਧੀ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ।

PunjabKesari

ਇਸ ਮੌਕੇ ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਕਿਹਾ ਕਿ ਸ਼ਿਵਰਾਤਰੀ ਦੇ ਤਿਉਹਾਰ ਦੇ ਮੌਕੇ 'ਤੇ ਕੋਈ ਸ਼ਰਾਰਤੀ ਅਨਸਰ ਸ਼ਰਾਰਤ ਵੀ ਕਰ ਸਕਦਾ ਹੈ, ਇਸ ਲਈ ਮੰਦਰ ਕਮੇਟੀ ਦੇ ਪ੍ਰਬੰਧਕਾਂ ਨੂੰ ਪੁਲਸ ਦਾ ਸਹਿਯੋਗ ਦੇਣ ਦੀ ਜ਼ਰੂਰਤ ਹੈ। ਪੁਲਸ ਵੀ ਸਾਰੇ ਮੰਦਰਾਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰੇਗੀ। ਉਨ੍ਹਾਂ ਨੇ ਮੰਦਰ ਪ੍ਰਬੰਧਕਾਂ ਨੂੰ ਸੁਝਾਅ ਦਿੱਤਾ ਕਿ ਮੰਦਰਾਂ ਦੇ ਗੇਟ 'ਤੇ ਬੈਰੀਕੇਡ ਲਾਏ ਜਾਣ। ਭੀੜ ਨੂੰ ਕੰਟਰੋਲ ਕਰਨ ਲਈ ਵਲੰਟੀਅਰਾਂ ਦੀਆਂ ਡਿਊਟੀਆਂ ਲਾਈਆਂ ਜਾਣ। ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਵੱਖ ਤੌਰ 'ਤੇ ਵੀਡੀਓਗ੍ਰਾਫੀ ਵੀ ਕਰਵਾਈ ਜਾਵੇ ਤਾਂ ਕਿ ਮੰਦਰ 'ਚ ਆਉਣ-ਜਾਣ ਵਾਲਿਆਂ 'ਤੇ ਨਜ਼ਰ ਰੱਖੀ ਜਾ ਸਕੇ। ਪ੍ਰਸ਼ਾਦ ਬਣਾਉਂਦੇ ਸਮੇਂ ਅਤੇ ਵੰਡਦੇ ਸਮੇਂ ਵੀ ਇਹ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਕੋਈ ਸ਼ਰਾਰਤੀ ਅਨਸਰ ਪ੍ਰਸ਼ਾਦ 'ਚ ਕੋਈ ਜ਼ਹਿਰੀਲੀ ਚੀਜ਼ ਨਾ ਮਿਲਾ ਸਕੇ। ਮੰਦਰਾਂ 'ਚ ਭਾਰੀ ਬੈਗ ਲਿਜਾਣ 'ਤੇ ਪਾਬੰਦੀ ਹੋਵੇਗੀ। ਮੰਦਰ ਦੇ ਵਲੰਟੀਅਰ ਇਸ ਵੱਲ ਵਿਸ਼ੇਸ਼ ਧਿਆਨ ਦੇਣ। ਹਰ ਮੰਦਰ ਵਿਚ ਇਕ ਵੱਖਰਾ ਟੈਂਟ ਲਵਾ ਕੇ ਰੱਖਿਆ ਜਾਵੇ ਤਾਂ ਕਿ ਲੋੜ ਪੈਣ 'ਤੇ ਪੁਲਸ ਕਿਸੇ ਵਿਅਕਤੀ ਦੀ ਜਾਂ ਕਿਸੇ ਬੈਗ ਦੀ ਜਾਂਚ ਕਰ ਸਕੇ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ 'ਤੇ ਪੁਲਸ ਕੜੀ ਨਜ਼ਰ ਰੱਖੇਗੀ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ। ਮੰਦਰ ਕਮੇਟੀ ਦੇ ਪ੍ਰਬੰਧਕਾਂ ਨੇ ਸੁਝਾਅ ਦਿੱਤਾ ਕਿ ਸ਼ਿਵਰਾਤਰੀ ਵਾਲੇ ਦਿਨ 24 ਘੰਟੇ ਪੂਜਾ ਹੁੰਦੀ ਹੈ। ਇਸ ਲਈ ਪੁਲਸ ਕਰਮਚਾਰੀਆਂ ਦੀ ਡਿਊਟੀ 24 ਘੰਟੇ ਮੰਦਰਾਂ ਵਿਚ ਲਗਾਈ ਜਾਵੇ। ਬਰਨਾਲਾ-ਸੇਖਾਂ ਰੋਡ 'ਤੇ ਭਾਰੀ ਗਿਣਤੀ ਵਿਚ ਕਾਂਵੜੀਏ ਆਉਂਦੇ ਹਨ। ਉਸ ਰੋਡ 'ਤੇ ਟ੍ਰੈਫਿਕ ਅਤੇ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖੀ ਜਾਵੇ। ਸ਼ਹਿਰ ਵਿਚ ਸ਼ਿਵਰਾਤਰੀ ਵਾਲੇ ਦਿਨ ਟ੍ਰੈਫਿਕ ਸਮੱਸਿਆ ਨਾ ਆਵੇ ਉਸ ਦਿਨ ਕਮਰਸ਼ੀਅਲ ਵ੍ਹੀਕਲਾਂ 'ਤੇ ਸ਼ਹਿਰ ਵਿਚ ਦਾਖਲ ਹੋਣ ਦੀ ਪਾਬੰਦੀ ਲਾਈ ਜਾਵੇ। ਜ਼ਿਲੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਰ ਮੰਦਰ ਕਮੇਟੀਆਂ ਦੇ ਆਗੂਆਂ ਨੇ ਵੀ ਮੰਦਰਾਂ ਅੱਗੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੀ ਮੰਗ ਕੀਤੀ।

ਇਸ ਮੌਕੇ ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ, ਤਪਾ ਤੋਂ ਪ੍ਰੇਮ ਕੁਮਾਰ ਭੂਤ, ਰਾਮਬਾਗ ਕਮੇਟੀ ਦੇ ਠੇਕੇਦਾਰ ਬੀਰਬਲ, ਲਾਜਪਤ ਰਾਏ ਚੋਪੜਾ, ਰਜਿੰਦਰ ਕੁਮਾਰ, ਸੰਜੀਵ ਕੁਮਾਰ ਛਿੱਬਾ ਅਤੇ ਵੱਖ-ਵੱਖ ਮੰਦਰ ਕਮੇਟੀਆਂ ਦੇ ਭਾਰੀ ਗਿਣਤੀ ਵਿਚ ਆਗੂ ਹਾਜ਼ਰ ਸਨ।


cherry

Content Editor

Related News