ਸਰਕਾਰੀ ਸਕੂਲ ਦੇ ਅਧਿਆਪਕ ''ਤੇ ਲੱਗੇ ਸਕੂਲੀ ਬੱਚਿਆਂ ਨਾਲ ਅਸ਼ਲੀਲ ਗੱਲਾਂ ਕਰਨ ਦੇ ਦੋਸ਼

01/16/2020 2:58:13 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸਰਕਾਰੀ ਮਿਡਲ ਸਕੂਲ ਬਾਜਵਾ ਪੱਤੀ ਵਿਚ ਉਸ ਸਮੇਂ ਮਾਹੌਲ ਤਣਾਅਪੂਰਣ ਹੋ ਗਿਆ, ਜਦੋਂ ਪੱਤੀ ਰੋਡ ਦੇ ਵਾਸੀਆਂ ਨੇ ਇਕ ਸਕੂਲ ਦੇ ਅਧਿਆਪਕ 'ਤੇ ਬੱਚਿਆਂ ਨਾਲ ਕਥਿਤ ਤੌਰ 'ਤੇ ਅਸ਼ਲੀਲ ਗੱਲਾਂ ਕਰਨ ਦਾ ਦੋਸ਼ ਲਗਾਇਆ ਅਤੇ ਉਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਮੁਹੱਲਾ ਵਾਸੀਆਂ ਦੀ ਸਕੂਲ ਦੇ ਦਫ਼ਤਰ ਵਿਚ ਵੀ ਉਕਤ ਅਧਿਆਪਕ ਨਾਲ ਬਹਿਸ ਹੋਈ। ਮੁਹੱਲਾ ਵਾਸੀਆਂ ਨੇ ਮਾਮਲੇ ਦੀ ਜਾਣਕਾਰੀ ਡੀ. ਈ. ਓ. ਬਰਨਾਲਾ ਨੂੰ ਫੋਨ 'ਤੇ ਦਿੱਤੀ ਅਤੇ ਫੌਰੀ ਤੌਰ 'ਤੇ ਸਕੂਲ ਵਿਚ ਕਿਸੇ ਅਧਿਕਾਰੀ ਨੂੰ ਭੇਜਣ ਦੀ ਮੰਗ ਕੀਤੀ।

ਅਧਿਆਪਕ ਕਹਿੰਦਾ ਹੈ ਗੰਦੀਆਂ ਗੱਲਾਂ
ਸੱਤਵੀਂ ਕਲਾਸ ਦੇ ਵਿਦਿਆਰਥੀ ਨੇ ਕਿਹਾ ਕਿ ਸਕੂਲ ਵਿਚ ਮੈਥ ਸਬਜੈਕਟ ਦਾ ਅਧਿਆਪਕ ਮੰਮੀ-ਪਾਪਾ ਬਾਰੇ ਗੰਦੀਆਂ-ਗੰਦੀਆਂ ਗੱਲਾਂ ਕਹਿੰਦਾ ਹੈ ਅਤੇ ਬੇਰਹਿਮੀ ਨਾਲ ਕੁੱਟਮਾਰ ਵੀ ਕਰਦਾ ਹੈ। ਉਥੇ ਹੀ ਸਕੂਲ ਦੀਆਂ ਹੋਰ ਵਿਦਿਆਰਥਣਾਂ ਨੇ ਵੀ ਕਿਹਾ ਕਿ ਮੈਥ ਦਾ ਅਧਿਆਪਕ ਉਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਕੱਢਦਾ ਹੈ, ਜਿਨ੍ਹਾਂ ਨੂੰ ਦੱਸਦਿਆਂ ਵੀ ਉਨ੍ਹਾਂ ਨੂੰ ਸ਼ਰਮ ਆਉਂਦੀ ਹੈ।

ਬੱਚਿਆਂ ਦਾ ਚਰਿੱਤਰ ਨਿਰਮਾਣ ਕਰਨ ਲਈ ਭੇਜਦੇ ਹਾਂ ਚਰਿੱਤਰ ਹਰਨ ਕਰਨ ਲਈ ਨਹੀਂ
ਦੂਸਰੇ ਪਾਸੇ ਮੁਹੱਲਾ ਵਾਸੀ ਬਿਕ੍ਰਮਜੀਤ ਵਿੱਕੀ, ਅਵੈਰਗ੍ਰੀਨ ਕਲੱਬ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਜੱਸੀ ਨੇ ਕਿਹਾ ਕਿ ਉਹ ਸਕੂਲ ਵਿਚ ਬੱਚਿਆਂ ਦਾ ਚਰਿੱਤਰ ਨਿਰਮਾਣ ਕਰਨ ਲਈ ਭੇਜਦੇ ਹਾਂ ਚਰਿੱਤਰ ਹਰਨ ਕਰਨ ਲਈ ਨਹੀਂ। ਜੇਕਰ ਅਧਿਆਪਕ ਹੀ ਬੱਚਿਆਂ ਨਾਲ ਇਸ ਪ੍ਰਕਾਰ ਦੀਆਂ ਗੱਲਾਂ ਕਰਨਗੇ ਤਾਂ ਬੱਚਿਆਂ 'ਤੇ ਕੀ ਅਸਰ ਪਵੇਗਾ। ਬੱਚਿਆਂ ਦਾ ਭਵਿੱਖ ਖਰਾਬ ਹੋ ਜਾਵੇਗਾ। ਅਧਿਆਪਕਾਂ ਨੇ ਹੀ ਬੱਚਿਆਂ ਨੂੰ ਸਿੱਖਿਆ ਦੇਣੀ ਹੁੰਦੀ ਹੈ। ਇਸ ਅਧਿਆਪਕ ਦੀਆਂ ਪਹਿਲਾਂ ਵੀ ਬਹੁਤ ਵਾਰ ਸ਼ਿਕਾਇਤਾਂ ਆ ਚੁੱਕੀਆਂ ਹਨ। ਹੁਣ ਅਸੀਂ ਇਸ ਅਧਿਆਪਕ ਨੂੰ ਇਸ ਸਕੂਲ ਵਿਚ ਕਿਸੇ ਵੀ ਕੀਮਤ 'ਤੇ ਨਹੀਂ ਰਹਿਣ ਦੇਣਾ। ਸਾਡੇ ਮੁਹੱਲੇ ਦੇ ਬੱਚਿਆਂ 'ਤੇ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਨੇ ਅਧਿਆਪਕ ਦੀ ਫੌਰੀ ਤੌਰ 'ਤੇ ਬਦਲੀ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਅਧਿਆਪਕ ਦੀ ਬਦਲੀ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਤੇ ਪਰਮਜੀਤ ਸਿੰਘ ਕੈਰੇ, ਸ਼ਿਗਾਰਾ ਸਿੰਘ, ਇੰਦਰ ਸਿੰਘ, ਸਤਪਾਲ ਸਿੰਘ, ਗੁਰਤੇਜ ਸਿੰਘ ਆਦਿ ਹਾਜ਼ਰ ਸਨ।

ਇਕ-ਦੋ ਦਿਨਾਂ ਵਿਚ ਹੀ ਕਰ ਲਈ ਜਾਵੇਗੀ ਜਾਂਚ ਮੁਕੰਮਲ
ਡੀ. ਈ. ਓ. ਬਰਨਾਲਾ ਸਰਬਜੀਤ ਸਿੰਘ ਵਲੋਂ ਮਾਮਲੇ ਦੀ ਜਾਂਚ ਕਰਨ ਲਈ ਸਕੂਲ ਵਿਚ ਲਾਅ-ਅਫਸਰ ਮਾਨਪਾਲ ਸਿੰਘ ਨੂੰ ਭੇਜਿਆ ਗਿਆ। ਉਨ੍ਹਾਂ ਨੇ ਬੱਚਿਆਂ ਤੋਂ ਵੀ ਮਾਮਲੇ ਸਬੰਧੀ ਜਾਣਕਾਰੀ ਲਈ। ਬੱਚਿਆਂ ਦੇ ਮਾਪਿਆਂ ਵਲੋਂ ਵੀ ਉਨ੍ਹਾਂ ਨੂੰ ਇਕ ਲਿਖਤੀ ਤੌਰ 'ਤੇ ਸ਼ਿਕਾਇਤ ਦਿੱਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲਾ ਗੰਭੀਰ ਹੈ। ਇਸ ਮਾਮਲੇ ਦੀ ਇਕ ਦੋ-ਦਿਨਾਂ ਵਿਚ ਹੀ ਜਾਂਚ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜਦੋਂ ਇਸ ਸਬੰਧੀ ਉਕਤ ਅਧਿਆਪਕ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਉਹ ਹਰ ਸਮੇਂ ਬੱਚਿਆਂ ਦੀ ਭਲਾਈ ਲਈ ਸਕੂਲ ਵਿਚ ਕੰਮ ਕਰਦਾ ਹੈ।

cherry

This news is Content Editor cherry