ਵਿਦਿਆਰਥੀਆਂ ਤੋਂ ਸੀ. ਏ. ਏ. ਕਾਨੂੰਨ ਦੇ ਹੱਕ ''ਚ ਦਸਤਖਤ ਕਰਵਾਉਣ ਦੇ ਮਾਮਲੇ ਨੇ ਫੜਿਆ ਤੂਲ

02/25/2020 4:34:24 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ, ਪੁਨੀਤ): ਸਰਵਹਿੱਤਕਾਰੀ ਸਕੂਲ ਧਨੌਲਾ 'ਚ ਨਾਗਰਿਕਤਾ ਸੋਧ ਬਿੱਲ ਦੇ ਹੱਕ 'ਚ ਸਕੂਲੀ ਵਿਦਿਆਰਥੀਆਂ ਤੋਂ ਕਰਵਾਏ ਦਸਤਖਤ ਦਾ ਮਾਮਲਾ ਦਿਨੋ-ਦਿਨ ਤੂਲ ਫੜਦਾ ਜਾ ਰਿਹਾ ਹੈ। ਅੱਜ ਧਨੌਲਾ ਦੀ ਸਮਾਜ ਸੁਧਾਰ ਕਮੇਟੀ ਵੱਲੋਂ ਕਚਹਿਰੀ ਚੌਕ 'ਚੋਂ ਰੋਸ ਪ੍ਰਦਰਸ਼ਨ ਕੱਢ ਕੇ ਡੀ. ਸੀ. ਦਫ਼ਤਰ 'ਚ ਧਰਨਾ ਦਿੱਤਾ ਗਿਆ ਅਤੇ ਸਕੂਲ ਮੈਨੇਜਮੈਂਟ ਅਤੇ ਸਕੂਲ ਪ੍ਰਿੰਸੀਪਲ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

ਸਮਾਜ ਸੁਧਾਰ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਨੇ ਦੱਸਿਆ ਕਿ 15 ਜਨਵਰੀ ਨੂੰ ਸਰਵਹਿੱਤਕਾਰੀ ਸਕੂਲ ਧਨੌਲਾ 'ਚ ਚੌਥੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਤੋਂ ਨਾਗਰਿਕਤਾ ਸੋਧ ਬਿੱਲ ਦੇ ਹੱਕ 'ਚ ਦਸਤਖਤ ਕਰਵਾਏ ਗਏ, ਜੋ ਕਿ ਸਰਾਸਰ ਗਲਤ ਹੈ ਕਿਉਂਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ। ਛੋਟੇ-ਛੋਟੇ ਬੱਚਿਆਂ ਦੇ ਮਨਾਂ 'ਚ ਕੱਟੜਵਾਦਤਾ ਦਾ ਜ਼ਹਿਰ ਭਰਨਾ ਬਹੁਤ ਹੀ ਘ੍ਰਿਣਾਯੋਗ ਕਦਮ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਮਿਲ ਕੇ ਸਕੂਲ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ ਪਰ ਪ੍ਰਸ਼ਾਸਨ ਇਸ ਮਸਲੇ ਨੂੰ ਦਬਾਉਣ 'ਤੇ ਲੱਗਿਆ ਹੋਇਆ ਹੈ। ਆਰ. ਐੱਸ. ਐੱਸ. ਵੱਲੋਂ ਇਸ ਸਕੂਲ ਵਿਚ ਦਖਲ-ਅੰਦਾਜ਼ੀ ਕੀਤੀ ਜਾਂਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਕੂਲ ਖਿਲਾਫ ਫੌਰੀ ਤੌਰ 'ਤੇ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਨੂੰ ਮਜਬੂਰ ਹੋ ਕੇ ਤਿੱਖਾ ਸੰਘਰਸ਼ ਸ਼ੁਰੂ ਕਰਨਾ ਪਵੇਗਾ। ਇਸ ਮੌਕੇ ਅਮਰ ਸਿੰਘ ਖੁੱਡੀ, ਹਰੀ ਰਾਮ, ਜਸਵੀਰ ਸਿੰਘ, ਦਾਰਾ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ, ਜੱਸਾ ਸਿੰਘ, ਸੁਰਜੀਤ ਸਿੰਘ ਖਜ਼ਾਨਚੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।


Shyna

Content Editor

Related News