ਵਿਆਹਾਂ ‘ਚ ਹੁੰਦੇ ਹਵਾਈ ਫਾਇਰ ਕਰਕੇ ਆਰਮਜ਼ ਅਮੈਂਡਮੈਂਟ ਬਿੱਲ ਪਾਸ, ਲੋਕਾਂ ‘ਚ ਖੁਸ਼ੀ

12/12/2019 11:01:54 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਹੁਣ ਵਿਆਹ ਸਮਾਗਮ ‘ਚ ਹਵਾਈ ਫਾਇਰ ਕਰਨਾ ਮਹਿੰਗਾ ਪਵੇਗਾ। ਲੋਕ ਸਭਾ ਵਿਚ ਨਵਾਂ ਆਰਮਜ਼ ਅਮੈਂਡਮੈਂਟ ਬਿੱਲ 2019 ਦੀ ਮਨਜ਼ੂਰੀ ਮਿਲ ਚੁੱਕੀ ਹੈ। ਇਹ ਬਿੱਲ ਪਾਸ ਹੋਣ ਮਗਰੋਂ ਵਿਆਹ ‘ਚ ਗੋਲੀ ਚਲਾਉਣ ਵਾਲੇ ਨੂੰ ਇਕ ਲੱਖ ਰੁਪਏ ਜੁਰਮਾਨਾ ਜਾਂ ਦੋ ਸਾਲ ਦੀ ਕੈਦ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਪੰਜਾਬ ‘ਚ ਵਿਆਹ ਸਮਾਗਮਾਂ ‘ਚ ਹਵਾਈ ਫਾਇਰ ਕਰਦੇ ਸਮੇਂ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਵੀ ਹੋ ਚੁੱਕੇ ਹਨ। ਦੇਸ਼ ਭਰ ‘ਚ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਕਾਰਣ ਸਰਕਾਰ ਨੇ ਇਹ ਬਿੱਲ ਲੋਕ ਸਭਾ ‘ਚ ਪਾਸ ਕਰ ਦਿੱਤਾ।

ਨਹੀਂ ਪਵੇਗਾ ਹੁਣ ਰੰਗ ‘ਚ ਭੰਗ
ਸੀਨੀਅਰ ਭਾਜਪਾ ਆਗੂ ਰਘੁਵੀਰ ਪ੍ਰਕਾਸ਼ ਗਰਗ ਨੇ ਕਿਹਾ ਕਿ ਭਾਰਤ ਸਰਕਾਰ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਫੈਸਲੇ ਨਾਲ ਰੰਗ ‘ਚ ਭੰਗ ਨਹੀਂ ਪਵੇਗਾ ਕਿਉਂਕਿ ਕਈ ਮੌਕਿਆਂ ‘ਤੇ ਮਸਤੀ ਵਿਚ ਆ ਕੇ ਲੋਕ ਹਵਾਈ ਫਾਇਰ ਕਰ ਦਿੰਦੇ ਹਨ। ਇਹ ਹਵਾਈ ਫਾਇਰ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ ਜਿਸ ਕਾਰਣ ਰੰਗ ‘ਚ ਭੰਗ ਪੈ ਜਾਂਦਾ ਹੈ। ਕਾਨੂੰਨ ਬਣਨ ਤੋਂ ਬਾਅਦ ਲੋਕ ਹਵਾਈ ਫਾਇਰ ਤੋਂ ਗੁਰੇਜ਼ ਕਰਨਗੇ।

ਬੱਚਿਆਂ ਅਤੇ ਔਰਤਾਂ ‘ਚ ਹੋਵੇਗਾ ਡਰ ਦੂਰ
ਭਾਜਪਾ ਆਗੂ ਕੁਲਦੀਪ ਸਹੌਰੀਆ ਨੇ ਕਿਹਾ ਕਿ ਵਿਆਹ ਸਮਾਗਮ ‘ਚ ਹਵਾਈ ਫਾਇਰ ਹੋਣ ‘ਤੇ ਆਮ ਤੌਰ ‘ਤੇ ਦੇਖਣ ਨੂੰ ਮਿਲਦਾ ਸੀ ਕਿ ਬੱਚੇ ਅਤੇ ਔਰਤਾਂ ਹਵਾਈ ਫਾਇਰ ਕਾਰਣ ਡਰ ਜਾਂਦੇ ਸਨ ਅਤੇ ਵਿਆਹ ਦਾ ਸਾਰਾ ਮਜ਼ਾ ਇਨ੍ਹਾਂ ਲਈ ਕਿਰਕਿਰਾ ਹੋ ਜਾਂਦਾ ਸੀ। ਬੱਚੇ ਆਪਣੀਆਂ ਮਾਵਾਂ ਦੀ ਗੋਦ ‘ਚ ਲੁਕ ਜਾਂਦੇ ਸਨ ਪਰ ਉਨ੍ਹਾਂ ਦੀਆਂ ਮਾਵਾਂ ਵੀ ਇਨ੍ਹਾਂ ਫਾਇਰਾਂ ਕਾਰਣ ਡਰਦੀਆਂ ਸਨ। ਉਹ ਵੀ ਆਪਣੇ ਬੱਚੇ ਨੂੰ ਗੋਦੀ ਚੁੱਕ ਕੇ ਡਰਦੀਆਂ ਸਨ। ਹੁਣ ਇਨ੍ਹਾਂ ਦਾ ਡਰ ਦੂਰ ਹੋਵੇਗਾ।

ਇਸ ਬਿੱਲ ਦਾ ਜਿੰਨਾ ਸਵਾਗਤ ਕੀਤਾ ਜਾਵੇ, ਓਨਾ ਥੋੜ੍ਹਾ
ਯੂਥ ਭਾਜਪਾ ਆਗੂ ਦੀਪਕ ਮਿੱਤਲ ਨੇ ਕਿਹਾ ਕਿ ਇਸ ਬਿੱਲ ਦਾ ਜਿੰਨਾ ਸਵਾਗਤ ਕੀਤਾ ਜਾਵੇ, ਓਨਾ ਥੋੜ੍ਹਾ ਹੈ। ਹੁਣ ਵਿਆਹ ਸਮਾਗਮ ‘ਚ ਡਰ ਦਾ ਕੋਈ ਮਾਹੌਲ ਨਹੀਂ ਹੋਵੇਗਾ। ਆਰਮਜ਼ ਅਮੈਂਡਮੈਂਟ ਬਿੱਲ 2019 ਪਾਸ ਕਰਵਾ ਕੇ ਕੇਂਦਰ ਸਰਕਾਰ ਨੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਭਾਰੀ ਜੁਰਮਾਨੇ ਕਾਰਣ ਹੁਣ ਲੋਕ ਹਵਾਈ ਫਾਇਰ ਕਰਨ ਤੋਂ ਗੁਰੇਜ਼ ਕਰਨਗੇ ਅਤੇ ਕਈ ਕੀਮਤੀ ਜਾਨਾਂ ਵੀ ਇਸ ਨਾਲ ਬਚਣਗੀਆਂ।

ਜ਼ਮੀਨੀ ਪੱਧਰ ‘ਤੇ ਸਖਤੀ ਨਾਲ ਲਾਗੂ ਕੀਤਾ ਜਾਵੇ ਕਾਨੂੰਨ
ਕਾਂਗਰਸ ਆਗੂ ਮੁਨੀਸ਼ ਕੁਮਾਰ ਕਾਕਾ ਨੇ ਕਿਹਾ ਕਿ ਸਰਕਾਰ ਨੇ ਬਿੱਲ ਤਾਂ ਲੋਕ ਸਭਾ ‘ਚ ਪਾਸ ਕਰਵਾ ਦਿੱਤਾ ਹੈ ਪਰ ਇਸ ਬਿੱਲ ਨੂੰ ਜ਼ਮੀਨੀ ਪੱਧਰ ‘ਤੇ ਸਖਤੀ ਨਾਲ ਲਾਗੂ ਕੀਤਾ ਜਾਵੇ। ਫਿਰ ਹੀ ਇਸ ਬਿੱਲ ਦਾ ਪਾਸ ਹੋਣ ਦਾ ਲਾਭ ਹੈ ਕਿਉਂਕਿ ਆਮ ਤੌਰ ‘ਤੇ ਦੇਖਣ ‘ਚ ਆਉਂਦਾ ਹੈ ਕਿ ਬਿੱਲ ਤਾਂ ਪਾਸ ਕਰਵਾ ਦਿੱਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ‘ਤੇ ਇਸ ਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ, ਜਿਸ ਕਾਰਣ ਕਾਨੂੰਨ ਕਾਗਜ਼ਾਂ ‘ਚ ਹੀ ਬਣ ਕੇ ਰਹਿ ਜਾਂਦਾ ਹੈ। 


cherry

Content Editor

Related News