ਧਨੇਰ ਦੀ ਸਜ਼ਾ ਰੱਦ ਕਰਾਉਣ ਲਈ ਲੱਗਾ ਪੱਕਾ ਮੋਰਚਾ 42ਵੇਂ ਦਿਨ ''ਚ ਦਾਖਲ

11/10/2019 4:20:40 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਹੁਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਵਿਚ ਅਗਾਂਹਵਧੂ ਭੂਮਿਕਾ ਨਿਭਾਅ ਰਹੇ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਲਈ ਬਰਨਾਲਾ ਜੇਲ ਅੱਗੇ ਚੱਲ ਰਿਹਾ ਪੱਕਾ ਮੋਰਚਾ 42ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਅੱਜ ਆਪਣੇ ਸਿਰਾਂ 'ਤੇ ਹਰੀਆਂ ਤੇ ਬਸੰਤੀ ਚੁੰਨੀਆਂ ਲੈ ਕੇ ਆਈਆਂ ਸੰਗਰਾਮੀ ਔਰਤਾਂ ਦੇ ਕਾਫ਼ਲਿਆਂ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ। ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਮਜ਼ਦੂਰ ਮੁਲਾਜ਼ਮ, ਨੌਜਵਾਨ, ਵਿਦਿਆਰਥੀਆਂ ਨੇ ਸੰਘਰਸ਼ ਰਾਹੀਂ ਮੂੰਹ ਤੋੜ ਜਵਾਬ ਦੇਣ ਦਾ ਪ੍ਰਣ ਦੁਹਰਾਇਆ।

ਅੱਜ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਨੇ ਕਿਹਾ ਕਿ ਅੱਜ ਦੀ ਲੋਕ ਸ਼ਾਹੀ ਤਾਕਤ ਨੇ ਹਾਕਮਾਂ ਦੇ ਮੂੰਹ 'ਤੇ ਜਥੇਬੰਦਕ ਏਕੇ ਰਾਹੀਂ ਕਰਾਰੀ ਚਪੇੜ ਮਾਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 7 ਨਵੰਬਰ ਨੂੰ ਮਨਜੀਤ ਧਨੇਰ ਦੀ ਰਿਹਾਈ ਲਈ ਫਾਈਲ ਪੰਜਾਬ ਦੇ ਰਾਜਪਾਲ ਨੂੰ ਭੇਜੀ ਗਈ ਸੀ ਅਤੇ ਉਨ੍ਹਾਂ ਨੂੰ 17 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਧਨੇਰ ਦੀ ਰਿਹਾਈ ਲਈ ਕੋਈ ਕਦਮ ਨਾ ਚੁੱਕੇ ਗਏ ਤਾਂ ਉਹ ਆਉਣ ਵਾਲੀ 17 ਤਰੀਕ ਨੂੰ ਵੱਡਾ ਸੰਘਰਸ਼ ਉਲੀਕਣਗੇ। ਇਸ ਸਮੇਂ ਮਨਜੀਤ ਧਨੇਰ ਦੇ ਵੱਡੇ ਭਰਾ ਜਗਜੀਤ ਸਿੰਘ ਦੀ ਬੇਵਕਤੀ ਮੌਤ 'ਤੇ ਸ਼ੋਕ ਮਤਾ ਪਾਸ ਕਰਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।

cherry

This news is Content Editor cherry