ਲੋਕ ਆਗੂ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਲੱਗਾ ਪੱਕਾ ਮੋਰਚਾ 11ਵੇਂ ਦਿਨ ''ਚ

10/11/2019 1:30:12 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਹੁ-ਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ 'ਚ ਅਹਿਮ ਭੂਮਿਕਾ ਨਿਭਾ ਰਹੇ ਮਨਜੀਤ ਧਨੇਰ ਦੇ ਜੇਲ ਜਾਣ ਦੇ 11ਵੇਂ ਦਿਨ ਵੀ ਜੇਲ ਦੀਆਂ ਬਰੂਹਾਂ ਅੱਗੇ ਹਜ਼ਾਰਾਂ ਜੁਝਾਰੂਆਂ ਦਾ ਕਾਫਲਾ ਆਪਣੇ ਆਗੂ ਦੀ ਸਜ਼ਾ ਰੱਦ ਕਰਾਉਣ ਲਈ ਡਟਿਆ ਹੋਇਆ ਹੈ।

ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਇੰਦਰਜੀਤ ਸਿੰਘ ਝੱਬਰ, ਬਲਦੇਵ ਸਿੰਘ ਭਾਈਰੂਪਾ, ਸੁਖਵਿੰਦਰ ਸਿੰਘ ਫੂਲੇਵਾਲਾ, ਭਾਨ ਸਿੰਘ ਮਾਨਸਾ, ਬਲਵਿੰਦਰ ਸਿੰਘ ਜੇਠੂਕੇ, ਬੂਟਾ ਸਿੰਘ ਤੁੰਗਵਾਲੀ, ਰਾਜਮਹਿੰਦਰ ਕੋਟਭਾਰਾ, ਹਰਮੇਸ਼ ਕੁਮਾਰ, ਨਾਹਰ ਸਿੰਘ ਭਾਈਰੂਪਾ, ਹਰਚਰਨ ਸਿੰਘ ਚਹਿਲ, ਜਗਸੀਰ ਸਿੰਘ ਦੋਦੜਾ, ਗੁਰਦੇਵ ਸਿੰਘ ਮਾਂਗੇਵਾਲ ਨੇ ਕਿਹਾ ਕਿ ਲੋਕ ਆਗੂ ਮਨਜੀਤ ਧਨੇਰ ਹਕੂਮਤੀ ਜਬਰ ਖਾਸ ਕਰ ਕੇ ਔਰਤਾਂ 'ਤੇ ਹੁੰਦੇ ਜਬਰ ਵਿਰੋਧੀ ਘੋਲ ਦਾ 22 ਸਾਲ ਤੋਂ ਲਟ-ਲਟ ਕਰਕੇ ਬਲ ਰਹੇ ਮਹਿਲ ਕਲਾਂ ਲੋਕ ਸੰਘਰਸ਼ ਦਾ ਨਾਇਕ ਤਾਂ ਹੈ ਹੀ, ਨਾਲ ਦੀ ਨਾਲ ਮਨਜੀਤ ਧਨੇਰ ਨੇ ਜ਼ਿੰਦਗੀ ਦੇ ਚਾਰ ਦਹਾਕਿਆਂ ਤੋਂ ਵੱਧ ਸਮਾਂ ਕਿਸਾਨੀ ਘੋਲਾਂ ਨੂੰ ਸਮਰਪਤ ਕੀਤਾ ਹੋਇਆ ਹੈ।

ਬਾਬਾ ਬੰਦਾ ਸਿੰਘ ਬਹਾਦਰ, ਦੁੱਲਾ ਭੱਟੀ, ਚਾਚਾ ਅਜੀਤ ਸਿੰਘ, ਪੈਪਸੂ ਦੀ ਮੁਜਾਰਾ ਲਹਿਰ ਅਤੇ ਹੁਣ ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕਰਜ਼ਾ ਮੁਕਤੀ/ਜ਼ਮੀਨਾਂ ਦੀ ਰਾਖੀ ਲਈ ਚੱਲ ਰਹੀ ਜੰਗ ਦੀ ਅਗਵਾਈ ਕਰਨ ਵਾਲਾ ਇਕ ਯੋਧਾ ਹੈ। ਹਾਕਮ ਅਜਿਹੀਆਂ ਨਿਹੱਕੀਆਂ ਸਜ਼ਾਵਾਂ ਸੁਣਾ ਕੇ ਨਾ-ਸਿਰਫ ਹਕੂਮਤੀ ਜਬਰ ਖਿਲਾਫ ਜੂਝਣ ਵਾਲੀਆਂ ਤਾਕਤਾਂ ਨੂੰ ਆਗੂ ਰਹਿਤ ਕਰਨ ਦਾ ਭਰਮ ਪਾਲਦੀਆਂ ਹਨ, ਸਗੋਂ ਕਿਸਾਨੀ ਸੰਘਰਸ਼ ਨੂੰ ਦਬਾਉਣ ਦਾ ਵੀ ਹਕੂਮਤ ਦਾ ਕੋਝਾ ਹੱਥਕੰਡਾ ਹੈ, ਜਿਸ ਨੂੰ ਕਿਸੇ ਵੀ ਸੂਰਤੇਹਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੋਕ ਆਗੂ ਮਨਜੀਤ ਧਨੇਰ ਨੂੰ ਹੋਈ ਨਿਹੱਕੀ ਉਮਰ ਕੈਦ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਜ਼ਿਲਾ ਜੇਲ ਬਰਨਾਲਾ ਅੱਗੇ ਲੱਗੇ ਦਿਨ-ਰਾਤ ਦੇ ਪੱਕੇ ਮੋਰਚੇ ਦੇ 11ਵੇਂ ਦਿਨ ਬਠਿੰਡਾ ਅਤੇ ਮਾਨਸਾ ਜ਼ਿਲੇ ਨਾਲ ਸਬੰਧਤ ਹਜ਼ਾਰਾਂ ਦੀ ਤਦਾਦ 'ਚ ਜੁਝਾਰੂ ਕਾਫਲੇ ਪੂਰੇ ਜੋਸ਼-ਖਰੋਸ਼ ਨਾਲ ਸ਼ਾਮਲ ਹੋਏ।

ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀਕਲਾਂ, ਬਲਵੰਤ ਸਿੰਘ ਉੱਪਲੀ, ਹਰਦੀਪ ਸਿੰਘ ਟੱਲੇਵਾਲ, ਗੁਰਮੇਲ ਸਿੰਘ ਠੁੱਲ੍ਹੀਵਾਲ, ਕੁਲਵੰਤ ਰਾਏ ਪੰਡੋਰੀ ਆਦਿ ਆਗੂਆਂ ਨੇ ਕਿਹਾ ਕਿ ਸਮੇਂ-ਸਮੇਂ ਦੇ ਜਾਬਰਾਂ ਨੇ ਹੱਕ ਮੰਗਦੇ ਲੋਕਾਂ ਅਤੇ ਅਗਵਾਨੂੰ ਟੁਕੜੀ ਨੂੰ ਝੂਠੇ ਮੁਕੱਦਮੇ ਦਰਜ ਕਰ ਕੇ, ਨਿਹੱਕੀਆਂ ਸਜ਼ਾਵਾਂ ਸੁਣਾ ਕੇ ਲੋਕ ਸੰਘਰਸ਼ਾਂ ਨੂੰ ਖੂਨ 'ਚ ਡਬੋਣ ਦਾ ਭਰਮ ਪਾਲਿਆ ਹੈ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਸੰਘਰਸ਼ ਨੂੰ ਹੋਰ ਤੇਜ਼ ਅਤੇ ਵਿਸ਼ਾਲ ਕਰਨਾ ਸਮੇਂ ਦੀ ਵੱਡੇਰੀ ਲੋੜ ਹੈ। ਆਗੂਆਂ ਐਲਾਨ ਕੀਤਾ ਕਿ ਜ਼ਮੀਨੀ ਘੋਲ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦਾ ਨੌਵਾਂ ਸ਼ਰਧਾਂਜਲੀ ਸਮਾਗਮ ਕੱਲ ਪੱਕੇ ਮੋਰਚੇ ਵਾਲੀ ਥਾਂ 'ਤੇ ਹੀ ਮਨਾਇਆ ਜਾਵੇਗਾ। ਅਜਮੇਰ ਅਕਲੀਆਂ, ਲਵੀ ਬੁਢਲਾਡਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਰਨਾਲਾ ਵੱਲੋਂ ਡਾ. ਕੁਲਵੰਤ ਰਾਏ ਪੰਡੋਰੀ ਦੀ ਅਗਵਾਈ ਹੇਠ ਲਗਾਤਾਰ ਗਿਆਰਵੇਂ ਦਿਨ ਵੀ ਸੰਘਰਸ਼ਸ਼ੀਲ ਕਾਫਲਿਆਂ ਲਈ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਸਾਬਕਾ ਮੈਨੇਜਰ ਹਰਚਰਨ ਸਿੰਘ ਚਹਿਲ ਵੱਲੋਂ ਪੰਜ ਹਜ਼ਾਰ ਰੁ. ਅਤੇ ਬੇਟੀ ਤਰਨਜੀਤ ਕੌਰ ਕਲਾਲ ਮਾਜਰਾ ਕਨੇਡਾ ਵੱਲੋਂ 2500 ਰੁ., ਸੰਘਰਸ਼ ਲਈ ਦਸ ਹਜ਼ਾਰ ਦੀ ਸਹਾਇਤਾ ਰਾਸ਼ੀ ਭੇਜੀ ਗਈ।


cherry

Content Editor

Related News