ਅਨਾਜ ਮੰਡੀ ''ਚ 12 ਦਿਨਾਂ ਤੋਂ ਰੁਲ ਰਿਹੈ ਕਿਸਾਨ

10/11/2019 12:16:17 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਅਨਾਜ ਮੰਡੀ ਬਰਨਾਲਾ ਏਸ਼ੀਆ ਦੀਆਂ ਪਹਿਲੀਆਂ ਅਨਾਜ ਮੰਡੀਆਂ 'ਚ ਆਉਂਦੀ ਹੈ। ਇਸ ਦੇ ਬਾਵਜੂਦ ਵੀ ਇਥੇ ਕਿਸਾਨਾਂ ਲਈ ਸਮੱਸਿਆਵਾਂ ਹੀ ਸਮੱਸਿਆਵਾਂ ਹਨ। ਅਨਾਜ ਮੰਡੀਆਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ, ਜਦੋਂ ਕਿ ਜੀਰੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਬੱਸ ਅੱਡੇ ਵਾਲੀ ਰੋਡ ਤੋਂ ਅਨਾਜ ਮੰਡੀ ਰੋਡ ਵਾਲੀ ਸੜਕ ਵੀ ਸਾਰੀ ਟੁੱਟੀ ਹੋਈ ਹੈ। ਅਨਾਜ ਮੰਡੀ 'ਚ ਵੀ ਸੜਕਾਂ ਟੁੱਟੀਆਂ ਪਈਆਂ ਹਨ। ਇਸ ਰੋਡ ਤੋਂ ਰੋਜ਼ਾਨਾ ਸੈਂਕੜੇ ਦੀ ਗਿਣਤੀ 'ਚ ਬੱਸ ਲੰਘਦੀਆਂ ਹਨ। ਹੁਣ ਕਿਸਾਨ ਵੀ ਆਪਣੀਆਂ ਫਸਲਾਂ ਟਰੈਕਟਰ-ਟਰਾਲੀਆਂ 'ਚ ਲੈ ਕੇ ਅਨਾਜ ਮੰਡੀ 'ਚ ਆਉਂਦੇ ਹਨ। ਟੁੱਟੀਆਂ ਸੜਕਾਂ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਪਰੋਂ ਦੀ ਜ਼ਖਮਾਂ 'ਤੇ ਲੂਣ ਫਸਲਾਂ ਨਾ ਵਿਕਣ ਕਾਰਣ ਵੀ ਛਿੜਕਿਆ ਜਾ ਰਿਹਾ ਹੈ। ਪਿਛਲੇ 12 ਦਿਨਾਂ ਤੋਂ ਕਿਸਾਨ ਆਪਣੀਆਂ ਫਸਲਾਂ ਲੈ ਕੇ ਅਨਾਜ ਮੰਡੀ 'ਚ ਬੈਠੇ ਹਨ। ਮੱਛਰਾਂ ਮੱਖੀਆਂ ਤੋਂ ਇਲਾਵਾ ਟੁੱਟੀਆਂ ਸੜਕਾਂ ਕਾਰਨ ਉਨ੍ਹਾਂ ਨੂੰ ਮਿੱਟੀ-ਘੱਟੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਣ ਫਸਲਾਂ ਵੀ ਖਰਾਬ ਹੋ ਰਹੀਆਂ ਹਨ। ਉਪਰੋਂ ਦੀ ਬੁਨਿਆਦੀ ਸਹੂਲਤਾਂ ਵੀ ਉਨ੍ਹਾਂ ਨੂੰ ਮੰਡੀ 'ਚ ਨਹੀਂ ਮਿਲ ਰਹੀਆਂ। ਦੇਸ਼ ਦਾ ਅੰਨਦਾਤਾ ਮੰਡੀ ਵਿਚ ਰੁਲ ਰਿਹਾ ਹੈ, ਉਸਦੀ ਸਾਰ ਲੈਣ ਵਾਲਾ ਕੋਈ ਨਹੀਂ, ਜਿਸ ਕਾਰਨ ਕਿਸਾਨਾਂ ਵਿਚ ਰੋਸ ਹੈ।

PunjabKesari

ਕੈਪਟਨ ਤਾਂ ਕਹਿੰਦਾ ਸੀ ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਨਹੀਂ ਦੇਣਾ, ਅਸੀਂ ਤਾਂ 12 ਦਿਨਾਂ ਤੋਂ ਰੁਲ ਰਹੇ ਹਾਂ
ਫਰਵਾਹੀ ਤੋਂ ਕਿਸਾਨ ਮੱਘਰ ਸਿੰਘ ਨੇ ਕਿਹਾ ਕਿ ਮੈਂ 12 ਦਿਨ ਪਹਿਲਾਂ ਅਨਾਜ ਮੰਡੀ 'ਚ ਆਪਣੀ ਜੀਰੀ ਦੀ ਫਸਲ ਲੈ ਕੇ ਆਇਆ ਸੀ। ਜੀਰੀ ਦੀ ਫਸਲ ਵੀ ਬਿਲਕੁਲ ਸੁੱਕੀ ਹੈ। ਇਸਦੇ ਬਾਵਜੂਦ ਵੀ ਮੇਰੀ ਫਸਲ ਨਹੀਂ ਵਿਕੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਸੀ ਕਿ ਕਿਸਾਨਾਂ ਨੂੰ ਮੰਡੀਆਂ 'ਚ 24 ਘੰਟੇ ਤੋਂ ਵੱਧ ਨਹੀਂ ਬੈਠਣ ਦਿੱਤਾ ਜਾਵੇਗਾ ਪਰ ਮੈਂ ਤਾਂ 12 ਦਿਨਾਂ ਦਾ ਇੱਥੇ ਰੁਲ ਰਿਹਾ ਹਾਂ। ਕਿਸੇ ਨੇ ਵੀ ਮੇਰੀ ਕੋਈ ਸਾਰ ਨਹੀਂ ਲਈ। ਨਾ ਹੀ ਮੈਨੂੰ ਦੱਸਿਆ ਕਿ ਤੁਹਾਡੀ ਫਸਲ ਕਿਉਂ ਨਹੀਂ ਵਿਕ ਰਹੀ।

ਸਾਡੀ ਫਸਲ ਹੋ ਰਹੀ ਹੈ ਚੋਰੀ, ਰਾਤ ਗੁਜ਼ਾਰਦਾ ਹਾਂ ਬੈਠ ਕੇ
ਆਪਣਾ ਦੁੱਖ ਬਿਆਨ ਕਰਦਿਆਂ ਕਿਸਾਨ ਹਰਬੰਸ ਸਿੰਘ ਨੇ ਕਿਹਾ ਕਿ ਮੈਂ ਪਿਛਲੇ 10 ਦਿਨਾਂ ਤੋਂ ਅਨਾਜ ਮੰਡੀ 'ਚ ਬੈਠਾ ਹਾਂ। ਮੇਰੀ ਲਗਭਗ 9-10 ਕੁਇੰਟਲ ਜੀਰੀ ਚੋਰੀ ਹੋ ਚੁੱਕੀ ਹੈ। 3-4 ਵਾਰ ਬੱਚਿਆਂ ਨੂੰ ਜੀਰੀ ਚੋਰੀ ਕਰਦੇ ਫੜ ਵੀ ਚੁੱਕੇ ਹਾਂ। ਰਾਤੀਂ 12 ਤੋਂ ਲੈ ਕੇ ਸਵੇਰ ਦੇ 5 ਵਜੇ ਤਕ ਇਨ੍ਹਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਫਸਲ ਚੋਰੀ ਨਾ ਹੋਵੇ। ਸਾਰੀ ਰਾਤ ਜਾਗਣਾ ਪੈਂਦਾ ਹੈ। ਬਿਰਧ ਸਰੀਰ ਹੈ। ਪ੍ਰਸ਼ਾਸਨ ਨੇ ਸਾਡੀ ਫਸਲ ਦੀ ਚੋਰੀ ਰੋਕਣ ਲਈ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ।

ਨਾ ਪੀਣ ਨੂੰ ਸਾਫ ਪਾਣੀ, ਨਾ ਕੋਈ ਸਹੂਲਤ, ਟੁੱਟੀਆਂ ਪਈਆਂ ਨੇ ਸੜਕਾਂ
ਕਿਸਾਨ ਉਜਾਗਰ ਸਿੰਘ ਨੇ ਕਿਹਾ ਕਿ ਮੈਂ ਵੀ 12 ਦਿਨਾਂ ਤੋਂ ਅਨਾਜ ਮੰਡੀ 'ਚ ਬੈਠਾ ਹਾਂ। ਅਨਾਜ ਮੰਡੀ ਵਿਚ ਕੋਈ ਵੀ ਬੁਨਿਆਦੀ ਸਹੂਲਤ ਨਹੀਂ। ਨਾ ਪੀਣ ਲਈ ਸਾਫ ਪਾਣੀ ਹੈ, ਨਾ ਨਹਾਉਣ ਨੂੰ। ਪੀਣ ਵਾਲਾ ਪਾਣੀ ਵੀ ਰੋਜ਼ਾਨਾ ਮੈਂ ਆਪਣੇ ਘਰੋਂ ਮੰਗਵਾ ਕੇ ਪੀਂਦਾ ਹਾਂ। ਹਰ ਸਮੇਂ ਮੱਛਰ-ਮੱਖੀ ਸਾਨੂੰ ਇਥੇ ਪਰੇਸ਼ਾਨ ਕਰਦੇ ਹਨ। ਟੁੱਟੀਆਂ ਸੜਕਾਂ ਕਾਰਨ ਮਿੱਟੀ ਵੀ ਸਾਡੇ 'ਤੇ ਪੈ ਰਹੀ ਹੈ। ਪ੍ਰਸ਼ਾਸਨ ਨੂੰ ਫੌਰੀ ਤੌਰ 'ਤੇ ਅਨਾਜ ਮੰਡੀ ਵਿਚ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਨਵੀਆਂ ਸੜਕਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਕਿਸਾਨਾਂ ਲਈ ਨਹਾਉਣ, ਪੀਣ ਵਾਲੇ ਪਾਣੀ ਦਾ ਖਾਸ ਪ੍ਰਬੰਧ ਕਰਨਾ ਚਾਹੀਦਾ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ 24 ਘੰਟੇ ਦੇ ਅੰਦਰ-ਅੰਦਰ ਮੰਡੀਆਂ 'ਚੋਂ ਵਿਹਲਾ ਕਰ ਕੇ ਉਨ੍ਹਾਂ ਨੂੰ ਘਰ ਭੇਜਿਆ ਜਾਵੇ।


cherry

Content Editor

Related News