ਸਰਕਾਰੀ ਸਕੂਲਾਂ ਦੇ ਵਿਦਿਆਰਥੀ ਠੰਡ ''ਚ ਜ਼ਮੀਨ ''ਤੇ ਬੈਠ ਕੇ ਪੜ੍ਹਨ ਲਈ ਮਜਬੂਰ

01/04/2020 11:59:55 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : 21ਵੀਂ ਸਦੀ 'ਚ ਵੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਸਕੂਲ ਵਿਚ ਫਰਨੀਚਰ ਨਾ ਹੋਣ ਕਾਰਣ ਠੰਡ 'ਚ ਜ਼ਮੀਨ 'ਤੇ ਬੈਠ ਕੇ ਪੜ੍ਹਨ ਲਈ ਮਜਬੂਰ ਹਨ। ਜ਼ਮੀਨ 'ਤੇ ਬੈਠੇ ਬੱਚੇ ਠੰਡ ਨਾਲ ਠਰ ਰਹੇ ਸਨ। ਸਰਕਾਰੀ ਪ੍ਰਾਇਮਰੀ ਬਾਜ਼ੀਗਰ ਬਸਤੀ ਵਿਚ 125 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਕਿਸੇ ਵੀ ਵਿਦਿਆਰਥੀ ਦੇ ਬੈਠਣ ਲਈ ਫਰਨੀਚਰ ਨਹੀਂ। ਵਿਦਿਆਰਥੀ ਟਾਟ 'ਤੇ ਬੈਠਣ ਲਈ ਮਜਬੂਰ ਹਨ। ਸਭ ਤੋਂ ਬੁਰੀ ਹਾਲਤ ਤਾਂ ਪ੍ਰੀ-ਨਰਸਰੀ ਦੇ ਵਿਦਿਆਰਥੀਆਂ ਦੀ ਹੈ। ਛੋਟੇ-ਛੋਟੇ ਬੱਚੇ ਜ਼ਮੀਨ 'ਤੇ ਬੈਠਣ ਲਈ ਮਜਬੂਰ ਹਨ। ਜ਼ਿਆਦਾਤਰ ਸਕੂਲਾਂ 'ਚ ਪ੍ਰੀ-ਨਰਸਰੀ ਦੇ ਵਿਦਿਆਰਥੀਆਂ ਲਈ ਫਰਨੀਚਰ ਨਹੀਂ ਹੈ। ਪ੍ਰਾਇਮਰੀ ਸਕੂਲ ਪੱਤੀ ਬਾਜਵਾ, ਗੌਰਮਿੰਟ ਪ੍ਰਾਇਮਰੀ ਸਕੂਲ ਗਾਂਧੀ ਨਗਰ 'ਚ ਵੀ ਪ੍ਰੀ-ਨਰਸਰੀ ਦੇ ਬੱਚਿਆਂ ਲਈ ਬੈਠਣ ਲਈ ਫਰਨੀਚਰ ਨਹੀਂ ਹੈ, ਜਿਸ ਕਾਰਣ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਸਰਕਾਰ ਇਕ ਪਾਸੇ ਤਾਂ ਸਰਕਾਰੀ ਸਕੂਲਾਂ 'ਚ ਵਧੀਆ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਦਾਅਵੇ ਕਰਦੀ ਹੈ ਪਰ ਇਨ੍ਹਾਂ ਦਾਅਵਿਆਂ ਦੀ ਸ਼ਰੇਆਮ ਹਵਾ ਨਿਕਲ ਰਹੀ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪਹਿਲੀਆਂ ਬੁਨਿਆਦੀ ਸੁਵਿਧਾਵਾਂ ਤੋਂ ਵੀ ਵਾਂਝੇ ਹਨ।

PunjabKesari

ਸਕੂਲਾਂ 'ਚ ਹੈ ਕਮਰਿਆਂ ਦੀ ਘਾਟ, ਇਕ ਕਮਰੇ 'ਚ ਲਗਦੀਆਂ ਹਨ ਦੋ ਕਲਾਸਾਂ
ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕਮਰਿਆਂ ਦੀ ਵੀ ਭਾਰੀ ਘਾਟ ਹੈ। ਕਮਰਿਆਂ ਦੀ ਘਾਟ ਕਾਰਣ ਇਕ ਕਮਰੇ ਵਿਚ ਦੋ-ਦੋ ਕਲਾਸਾਂ ਲੱਗਦੀਆਂ ਹਨ, ਜਿਸ ਕਾਰਣ ਬੱਚਿਆਂ ਦੀ ਪੜ੍ਹਾਈ ਦਾ ਵੀ ਕਾਫ਼ੀ ਨੁਕਸਾਨ ਹੁੰਦਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਗਾਂਧੀ ਨਗਰ 'ਚ 6 ਕਲਾਸਾਂ ਲੱਗਦੀਆਂ ਹਨ। ਕਮਰੇ ਸਿਰਫ਼ 3 ਹਨ। ਪ੍ਰਾਇਮਰੀ ਸਕੂਲ ਗਾਂਧੀ ਨਗਰ 'ਚ ਕਮਰਿਆਂ ਦੀ ਘਾਟ ਕਾਰਣ ਵਰਾਂਡੇ ਵਿਚ ਹੀ ਕਲਾਸ ਲਾਈ ਹੋਈ ਸੀ ਅਤੇ ਇਕ ਕਮਰੇ 'ਚ ਦੋ-ਦੋ ਕਲਾਸਾਂ ਦੇ ਵਿਦਿਆਰਥੀ ਬੈਠੇ ਸਨ।

PunjabKesari

ਵਾਟਰ ਫਿਲਟਰ ਨਾ ਹੋਣ ਕਾਰਣ ਵਿਦਿਆਰਥੀ ਗੰਧਲਾ ਪਾਣੀ ਪੀਣ ਲਈ ਮਜਬੂਰ
ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਵਾਟਰ ਫਿਲਟਰ ਵੀ ਨਹੀਂ ਹਨ, ਜਿਸ ਕਾਰਣ ਵਿਦਿਆਰਥੀ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ। ਗਾਂਧੀ ਬਸਤੀ 'ਚ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਵਾਟਰ ਫਿਲਟਰ ਨਹੀਂ ਹੈ। ਉੱਥੋਂ ਦਾ ਪਾਣੀ ਪੀਣਯੋਗ ਨਹੀਂ ਹੈ। ਇਸ ਦੇ ਬਾਵਜੂਦ ਮਜਬੂਰੀਵਸ ਸੈਂਕੜੇ ਵਿਦਿਆਰਥੀ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ ਅਤੇ ਗੰਧਲਾ ਪਾਣੀ ਪੀਣ ਕਾਰਣ ਇਹ ਵਿਦਿਆਰਥੀ ਕਿਸੇ ਵੀ ਸਮੇਂ ਗੰਭੀਰ ਬੀਮਾਰੀ ਦੀ ਲਪੇਟ 'ਚ ਆ ਸਕਦੇ ਹਨ।

PunjabKesari

ਨਹੀਂ ਹੈ ਗੰਧੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ
ਸਰਕਾਰੀ ਪ੍ਰਾਇਮਰੀ ਸਕੂਲ ਗਾਂਧੀ ਨਗਰ ਬਸਤੀ ਦੇ ਸਕੂਲ ਦੀ ਹਾਲਤ ਤਾਂ ਬਹੁਤ ਹੀ ਤਰਸਯੋਗ ਹੈ। ਇੱਥੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ, ਜਿਸ ਕਾਰਣ ਨਾਲੀਆਂ ਦਾ ਗੰਦਾ ਪਾਣੀ ਸਕੂਲ 'ਚ ਦਾਖਲ ਹੋ ਜਾਂਦਾ ਹੈ। ਬਾਰਸ਼ ਦੇ ਦਿਨਾਂ 'ਚ ਤਾਂ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ। ਸਕੂਲ 'ਚ ਤਿੰਨ-ਤਿੰਨ ਫੁੱਟ ਪਾਣੀ ਜਮ੍ਹਾ ਹੋ ਜਾਂਦਾ ਹੈ। ਨਾਲੀਆਂ ਦੇ ਗੰਦੇ ਪਾਣੀ ਦੀ ਬਦਬੂ ਵੀ ਸਕੂਲ 'ਚ ਆਉਂਦੀ ਰਹਿੰਦੀ ਹੈ, ਜਿਸ ਕਾਰਣ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਭੈੜੀ ਬਦਬੂ ਕਾਰਣ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।

PunjabKesari

ਸਾਰੇ ਸਕੂਲਾਂ 'ਚ ਫਰਨੀਚਰ ਮੁਹੱਈਆ ਕਰਵਾਉਣਾ ਯਕੀਨੀ ਬਣਾਵੇ ਸਰਕਾਰ
ਭਾਜਪਾ ਆਗੂ ਪ੍ਰਵੀਨ ਬਾਂਸਲ ਸੰਘੇੜਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ 21ਵੀਂ ਸਦੀ 'ਚ ਅਸੀਂ ਦਾਖਲ ਹੋ ਗਏ ਹਾਂ ਪਰ ਅਜੇ ਤੱਕ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਲਈ ਫਰਨੀਚਰ ਤੱਕ ਮੁਹੱਈਆ ਨਹੀਂ ਕਰਵਾਇਆ ਗਿਆ ਹੈ। ਇਕ ਪਾਸੇ ਤਾਂ ਸਰਕਾਰ ਸਰਕਾਰੀ ਸਕੂਲਾਂ ਨੂੰ ਬਿਹਤਰ ਸੁਵਿਧਾਵਾਂ ਉਪਲੱਬਧ ਕਰਾਉਣ ਦੇ ਦਾਅਵੇ ਕਰਦੀ ਹੈ। ਦੂਜੇ ਪਾਸੇ ਵਿਦਿਆਰਥੀਆਂ ਲਈ ਫਰਨੀਚਰ ਵੀ ਬਣਾ ਨਹੀਂ ਸਕਦੀ। ਠੰਡ 'ਚ ਜ਼ਮੀਨ 'ਤੇ ਬੈਠ ਕੇ ਬੱਚੇ ਕਿਸ ਤਰ੍ਹਾਂ ਪੜ੍ਹਨਗੇ ਇਹ ਆਪਣੇ ਆਪ 'ਚ ਇਕ ਵੱਡਾ ਸਵਾਲ ਹੈ।

PunjabKesari

ਸਰਕਾਰੀ ਸਕੂਲਾਂ 'ਚ ਬੁਨਿਆਦੀ ਸੁਵਿਧਾਵਾਂ ਦੀ ਹੈ ਭਾਰੀ ਘਾਟ
ਬਰਨਾਲਾ ਕਲੱਬ ਦੇ ਸੈਕਟਰੀ ਰਾਜੀਵ ਲੁੱਬੀ ਨੇ ਕਿਹਾ ਕਿ ਜੇਕਰ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣਾ ਹੈ ਤਾਂ ਸਰਕਾਰ ਨੂੰ ਸਕੂਲਾਂ 'ਚ ਬੁਨਿਆਦੀ ਸੁਵਿਧਾਵਾਂ ਉਪਲੱਬਧ ਕਰਾਉਣੀਆਂ ਹੀ ਪੈਣਗੀਆਂ। ਸਰਕਾਰੀ ਸਕੂਲਾਂ 'ਚ ਸੁਵਿਧਾਵਾਂ ਨਾ ਹੋਣ ਕਾਰਣ ਹੀ ਲੋਕ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੋਂ ਗੁਰੇਜ਼ ਕਰਦੇ ਹਨ। ਇਸੇ ਕਾਰਣ ਹੀ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਨਹੀਂ ਉੱਠ ਰਿਹਾ। ਜੇਕਰ ਇਨ੍ਹਾਂ ਸਕੂਲਾਂ ਦਾ ਮਿਆਰ ਉੱਚਾ ਚੁੱਕਣਾ ਹੈ ਤਾਂ ਸਰਕਾਰੀ ਸਕੂਲਾਂ 'ਚ ਪਹਿਲ ਦੇ ਆਧਾਰ 'ਤੇ ਬੁਨਿਆਦੀ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣ, ਫਿਰ ਆਮ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਜਾਵੇ।


cherry

Content Editor

Related News