ਸਰਕਾਰੀ ਮਹਿਕਮਿਆਂ ਵੱਲ ਬਿਜਲੀ ਬੋਰਡ ਦਾ ਖੜ੍ਹੈ 76 ਕਰੋੜ 54 ਲੱਖ ਰੁਪਏ ਬਕਾਇਆ

12/12/2019 1:20:04 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਿਜਲੀ ਬੋਰਡ ਦੇ ਐੱਸ. ਈ. ਸਰਕਲ ਬਰਨਾਲਾ ਦੇ ਸਰਕਾਰੀ ਮਹਿਕਮਿਆਂ ਵੱਲ 76 ਕਰੋੜ 54 ਲੱਖ 16 ਹਜ਼ਾਰ ਰੁਪਏ ਬਕਾਇਆ ਖੜ੍ਹਾ ਹੈ ਜੋ ਕਿ ਇਕ ਵੱਡੀ ਰਕਮ ਹੈ। ਇਸ ਦੇ ਬਾਵਜੂਦ ਸਰਕਾਰੀ ਦਫ਼ਤਰਾਂ ਦੇ ਕੁਨੈਕਸ਼ਨ ਨਹੀਂ ਕੱਟੇ ਗਏ ਹਨ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਪੈਸੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵੱਲ ਬਕਾਇਆ ਹਨ। ਬਰਨਾਲਾ ਐੱਸ. ਈ. ਦਫ਼ਤਰ ਦੇ ਅਧੀਨ ਕੁੱਲ 4 ਸਰਕਲ ਬਰਨਾਲਾ ਸਿਟੀ, ਬਰਨਾਲਾ ਦਿਹਾਤੀ, ਸਰਕਲ ਮਾਲੇਰਕੋਟਲਾ ਅਤੇ ਧੂਰੀ ਆਉਂਦੇ ਹਨ। ਇਨ੍ਹਾਂ ਚਾਰ ਸਰਕਲਾਂ 'ਚ ਹੀ ਸਰਕਾਰੀ ਮਹਿਕਮਿਆਂ ਵੱਲ ਕਰੋੜਾਂ ਰੁਪਿਆਂ ਬਕਾਇਆ ਖੜ੍ਹਾ ਹੈ।

ਇਨ੍ਹਾਂ ਵਿਭਾਗਾਂ ਵੱਲ ਖੜ੍ਹੈ ਬਕਾਇਆ
ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵੱਲ ਬਰਨਾਲਾ ਸਿਟੀ ਦੇ 17 ਕਰੋੜ 26 ਲੱਖ 64 ਹਜ਼ਾਰ ਰੁਪਏ, ਬਰਨਾਲਾ ਅਰਬਨ ਦੇ 16 ਕਰੋੜ 56 ਲੱਖ 37 ਹਜ਼ਾਰ ਰੁਪਏ, ਮਾਲੇਰਕੋਟਲਾ ਸਰਕਲ ਦੇ 9 ਕਰੋੜ 40 ਲੱਖ, ਧੂਰੀ ਸਰਕਲ ਦੇ 14 ਕਰੋੜ 76 ਲੱਖ 86 ਹਜ਼ਾਰ ਰੁਪਏ ਅਤੇ ਕੁੱਲ 58 ਕਰੋੜ 27 ਲੱਖ ਰੁਪਏ ਇਸ ਵਿਭਾਗ ਵੱਲ ਹੀ ਖੜ੍ਹੇ ਹਨ। ਇਸ ਤੋਂ ਇਲਾਵਾ ਲੋਕਲ ਗੌਰਮਿੰਟ ਵੱਲ ਬਰਨਾਲਾ ਸਿਟੀ ਸਰਕਲ ਦਾ 4 ਕਰੋੜ 13 ਲੱਖ 14 ਹਜ਼ਾਰ ਰੁਪਏ, ਬਰਨਾਲਾ ਅਰਬਨ ਦਾ 5 ਕਰੋੜ 25 ਲੱਖ 24 ਹਜ਼ਾਰ ਰੁਪਏ, ਮਾਲੇਰਕੋਟਲਾ ਸਰਕਲ ਦਾ 50 ਲੱਖ 34 ਹਜ਼ਾਰ ਰੁਪਿਆਂ ਬਕਾਇਆ ਖੜ੍ਹਾ ਹੈ। ਕੁੱਲ 9 ਕਰੋੜ 88 ਲੱਖ 72 ਹਜ਼ਾਰ ਬਿਜਲੀ ਵਿਭਾਗ ਦਾ ਲੋਕਲ ਗੌਰਮਿੰਟ ਵੱਲ ਬਕਾਇਆ ਖੜ੍ਹਾ ਹੈ।

ਇਸ ਤੋਂ ਇਲਾਵਾ ਗ੍ਰਾਮੀਨ ਡਿਵੈੱਲਪਮੈਂਟ ਅਤੇ ਪੰਚਾਇਤ ਵਿਭਾਗ ਵੱਲ ਸਿਟੀ ਬਰਨਾਲਾ ਦਾ 1 ਕਰੋੜ 5 ਲੱਖ 59 ਹਜ਼ਾਰ ਰੁਪਏ, ਅਰਬਨ ਬਰਨਾਲਾ ਦਾ 6 ਲੱਖ, ਮਾਲੇਰਕੋਟਲਾ ਸਰਕਲ ਦਾ 43 ਲੱਖ 20 ਹਜ਼ਾਰ 900 ਰੁਪਏ, ਧੂਰੀ ਸਰਕਲ ਦਾ 25 ਲੱਖ 32 ਹਜ਼ਾਰ ਰੁਪਏ ਕੁੱਲ ਇਕ ਕਰੋੜ 79 ਲੱਖ 83 ਹਜ਼ਾਰ ਰੁਪਿਆਂ ਬਕਾਇਆ ਖੜ੍ਹਾ ਹੈ। ਹੈਲਥ ਅਤੇ ਫੈਮਿਲੀ ਵੈੱਲਫੇਅਰ ਡਿਪਾਰਟਮੈਂਟ ਵੱਲ ਬਰਨਾਲਾ ਸਿਟੀ ਸਰਕਲ ਦਾ 56 ਲੱਖ 3 ਹਜ਼ਾਰ, ਬਰਨਾਲਾ ਸਿਟੀ ਅਰਬਨ ਦਾ ਇਕ ਕਰੋੜ 42 ਲੱਖ ਇਕ ਹਜ਼ਾਰ ਰੁਪਏ, ਮਾਲੇਰਕੋਲਾ ਸਰਕਲ ਦਾ 46 ਲੱਖ 95 ਹਜ਼ਾਰ ਰੁਪਏ ਅਤੇ ਧੂਰੀ ਸਰਕਲ ਦਾ 24 ਲੱਖ 25 ਹਜ਼ਾਰ ਰੁਪਏ ਕੁੱਲ 2 ਕਰੋੜ 79 ਲੱਖ 24 ਹਜ਼ਾਰ ਰੁਪਿਆਂ ਬਕਾਇਆ ਖੜ੍ਹਾ ਹੈ।

ਹੋਮ ਅਤੇ ਪੁਲਸ ਡਿਪਾਰਟਮੈਂਟ ਵੱਲ ਬਰਨਾਲਾ ਸਿਟੀ ਸਰਕਲ ਦੇ 12 ਲੱਖ 57 ਹਜ਼ਾਰ ਰੁਪਏ, ਅਰਬਨ ਬਰਨਾਲਾ ਦਾ 77 ਲੱਖ 15 ਹਜ਼ਾਰ ਰੁਪਏ, ਸਰਕਲ ਮਾਲੇਰਕੋਟਲਾ ਦੇ 19 ਲੱਖ 59 ਹਜ਼ਾਰ ਰੁਪਏ, ਧੂਰੀ ਸਰਕਲ ਦੇ 33 ਲੱਖ 68 ਹਜ਼ਾਰ ਰੁਪਏ ਕੁੱਲ ਇਕ ਕਰੋੜ 42 ਲੱਖ 99 ਹਜ਼ਾਰ ਰੁਪਿਆਂ ਪੁਲਸ ਡਿਪਾਰਟਮੈਂਟ ਵੱਲ ਬਕਾਇਆ ਖੜ੍ਹਾ ਹੈ। ਸਕੂਲ ਐਜੂਕੇਸ਼ਨ ਡਿਪਾਰਟਮੈਂਟ ਵੱਲ ਬਰਨਾਲਾ ਸਿਟੀ ਸਰਕਲ ਦੇ 27 ਲੱਖ 48 ਹਜ਼ਾਰ, ਅਰਬਨ ਬਰਨਾਲਾ ਦੇ 28 ਲੱਖ 10 ਹਜ਼ਾਰ, ਮਾਲੇਰਕੋਟਲਾ ਸਰਕਲ ਦੇ 7 ਲੱਖ 91 ਹਜ਼ਾਰ, ਧੂਰੀ ਸਰਕਲ ਦੇ 6 ਲੱਖ 27 ਹਜ਼ਾਰ ਕੁੱਲ 69 ਲੱਖ 76 ਹਜ਼ਾਰ ਰੁਪਏ ਬਕਾਇਆ ਖੜ੍ਹੇ ਹਨ।

ਇਸ ਤਰ੍ਹਾਂ ਕਈ ਡਿਪਾਰਟਮੈਂਟਾਂ ਵੱਲ ਜੋ ਕਿ 28 ਦੇ ਕਰੀਬ ਡਿਪਾਰਟਮੈਂਟ ਹਨ, ਉਨ੍ਹਾਂ ਵੱਲ ਲੱਖਾਂ, ਕਰੋੜਾਂ ਰੁਪਇਆ ਬਕਾਇਆ ਖੜ੍ਹਾ ਹੈ। ਇਨ੍ਹਾਂ 'ਚੋਂ ਕਈ ਵਿਭਾਗਾਂ ਵੱਲੋਂ ਕਾਫ਼ੀ ਦੇਰ ਤੋਂ ਬਿਜਲੀ ਬੋਰਡ ਨੂੰ ਪੈਸੇ ਨਹੀਂ ਭਰੇ ਗਏ ਪਰ ਅਜੇ ਵੀ ਇਨ੍ਹਾਂ ਵਿਭਾਗਾਂ 'ਚ ਬਿਜਲੀ ਦੇ ਕੁਨੈਕਸ਼ਨ ਚੱਲ ਰਹੇ ਹਨ, ਜੋ ਕਿ ਹੈਰਾਨੀ ਦੀ ਗੱਲ ਹੈ।

ਸਰਕਾਰੀ ਮਹਿਕਮਿਆਂ ਦੇ ਕੁਨੈਕਸ਼ਨ ਕੱਟ ਕੇ ਦਿੱਤੇ ਜਾਣ ਗਰੀਬ ਲੋਕਾਂ ਨੂੰ
ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਬਿਜਲੀ ਦੇ ਬਿੱਲ ਨਾ ਭਰਨ 'ਤੇ ਲੋਕਾਂ ਦੇ ਘਰਾਂ ਦੇ ਤਾਂ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਜਾਂਦੇ ਹਨ, ਜਦੋਂ ਕਿ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਬਿਜਲੀ ਬੋਰਡ ਨਹੀਂ ਕੱਟ ਰਿਹਾ। ਇਨ੍ਹਾਂ 'ਚੋਂ ਕਈ ਗਰੀਬਾਂ ਦੇ ਕੁਨੈਕਸ਼ਨ ਵੀ ਬਿਜਲੀ ਬੋਰਡ ਕੱਟ ਦਿੰਦਾ ਹੈ, ਜਦੋਂ ਕਿ ਉਹ ਕਿਸੇ ਮਜਬੂਰੀ ਵਸ ਹੀ ਬਿਜਲੀ ਦਾ ਬਿੱਲ ਨਹੀਂ ਭਰ ਸਕਦੇ। ਜੇਕਰ ਬਿਜਲੀ ਬੋਰਡ ਗਰੀਬ ਲੋਕਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਸਕਦਾ ਹੈ ਤਾਂ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਵੀ ਹੁਣ ਫੌਰੀ ਤੌਰ 'ਤੇ ਕੱਟੇ ਜਾਣ। ਉਸਦੀ ਜਗ੍ਹਾ 'ਤੇ ਗਰੀਬ ਲੋਕਾਂ ਦੇ ਕੁਨੈਕਸ਼ਨ ਫਿਰ ਤੋਂ ਜੋੜੇ ਜਾਣ ਤਾਂ ਕਿ ਉਹ ਆਰਾਮ ਭਰੀ ਜ਼ਿੰਦਗੀ ਬਤੀਤ ਕਰ ਸਕਣ।

ਸਰਕਾਰੀ ਅਦਾਰਿਆਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਕੇ ਆਮ ਲੋਕਾਂ ਨੂੰ ਸਸਤੀ ਬਿਜਲੀ ਦੇਵੇ
ਰੂਬਲ ਗਿੱਲ ਕੈਨੇਡਾ ਨੇ ਕਿਹਾ ਕਿ ਪੰਜਾਬ 'ਚ ਬਿਜਲੀ ਦੇ ਰੇਟ ਬਹੁਤ ਜ਼ਿਆਦਾ ਹਨ। ਜਦੋਂਕਿ ਸਰਕਾਰੀ ਅਦਾਰੇ ਮੁਫ਼ਤ ਦੀ ਮਹਿੰਗੀ ਬਿਜਲੀ ਫੂਕ ਰਹੇ ਹਨ। ਬਿਜਲੀ ਬੋਰਡ ਨੂੰ ਚਾਹੀਦਾ ਹੈ ਕਿ ਇਨ੍ਹਾਂ ਸਰਕਾਰੀ ਅਦਾਰਿਆਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਕੇ ਆਮ ਲੋਕਾਂ ਨੂੰ ਸਸਤੀ ਬਿਜਲੀ ਦੇਵੇ ਕਿਉਂਕਿ ਸਰਕਾਰੀ ਅਦਾਰੇ ਕਰੋੜਾਂ ਰੁਪਏ ਦੀ ਮੁਫ਼ਤ ਦੀ ਬਿਜਲੀ ਫੂਕ ਰਹੇ ਹਨ। ਇਹ ਸਾਰਾ ਭਾਰ ਆਮ ਲੋਕਾਂ 'ਤੇ ਹੀ ਪੈਂਦਾ ਹੈ। ਲੋਕਾਂ 'ਤੇ ਵਾਧੂ ਬੋਝ ਪਾਉਣ ਦੀ ਜਗ੍ਹਾ ਇਹੀ ਬੋਝ ਸਰਕਾਰੀ ਅਦਾਰਿਆਂ 'ਤੇ ਪਾਉਣਾ ਚਾਹੀਦਾ ਹੈ।

ਆਖਰੀ ਨੋਟਿਸ ਦੇ ਕੇ ਕੱਟੇ ਜਾਣਗੇ ਸਰਕਾਰੀ ਮਹਿਕਮਿਆਂ ਦੇ ਕੁਨੈਕਸ਼ਨ
ਬਿਜਲੀ ਬੋਰਡ ਦੇ ਐੱਸ. ਈ. ਪਵਨ ਕੁਮਾਰ ਨੇ ਕਿਹਾ ਕਿ ਹੈਲਥ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਅਤੇ ਸਕੂਲਾਂ ਦੇ ਕੁਨੈਕਸ਼ਨ ਤਾਂ ਨਹੀਂ ਕੱਟੇ ਜਾਣਗੇ। ਬਾਕੀ ਮਹਿਕਮਿਆਂ ਨੂੰ ਆਖਰੀ ਨੋਟਿਸ ਦੇ ਕੇ ਅਤੇ ਸਬੰਧਤ ਮਹਿਕਮਿਆਂ ਦੇ ਹੈੱਡ ਕੋਲ ਨੋਟਿਸ ਰਿਸੀਵ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਰ ਇਸ ਤੋਂ ਬਾਅਦ ਕੁਨੈਕਸ਼ਨ ਕੱਟ ਦਿੱਤੇ ਜਾਣਗੇ।


cherry

Content Editor

Related News