ਜੀਰੀ ਦੀ ਫਸਲ ਦੀ ਖਰੀਦ ਨਾ ਹੋਣ ''ਤੇ ਕਿਸਾਨ ਪਰੇਸ਼ਾਨ

10/04/2019 4:50:41 PM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਪਿਛਲੇ ਚਾਰ ਦਿਨਾਂ ਤੋਂ ਜੀਰੀ ਦੀ ਫਸਲ ਦੀ ਬੋਲੀ ਨਾ ਲੱਗਣ ਕਾਰਨ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ। ਜਦੋਂ ਕਿ ਪੰਜਾਬ ਸਰਕਾਰ ਨੇ 1 ਅਕਤੂਬਰ ਤੋਂ ਜੀਰੀ ਦੀ ਫਸਲ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਬਰਨਾਲਾ ਅਨਾਜ ਮੰਡੀ ਵਿਚ 1 ਅਕਤੂਬਰ ਤੋਂ ਹੀ ਜੀਰੀ ਦੀ ਫਸਲ ਆਉਣੀ ਸ਼ੁਰੂ ਹੋ ਗਈ ਪਰ ਬੋਲੀ ਨਹੀਂ ਲੱਗੀ। ਉਪਰੋਂ ਦੀ ਬੀਤੀ ਸ਼ਾਮ ਆਈ ਬੇਮੌਸਮੀ ਤੇਜ ਬਾਰਿਸ਼ ਅਤੇ ਹਨੇਰੀ ਨੇ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਦਾ ਭਾਰੀ ਨੁਕਸਾਨ ਕਰ ਦਿੱਤਾ। ਹਨੇਰੀ ਕਾਰਨ ਕਈ ਥਾਂਵਾਂ ਤੇ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਗਈ ਜੀਰੀ ਦੀ ਫਸਲ ਡਿੱਗ ਗਈ। ਸ਼ਹਿਰ ਵਾਸੀਆਂ ਨੂੰ ਵੀ ਬਰਸਾਤ ਕਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਗ੍ਹਾ-ਜਗ੍ਹਾ 'ਤੇ ਬਰਸਾਤੀ ਪਾਣੀ ਜਮ੍ਹਾ ਹੋ ਗਿਆ।

ਹੜਤਾਲ ਕਾਰਨ ਕਿਸਾਨਾਂ ਅਤੇ ਸਰਕਾਰ ਨੂੰ ਸੀਜ਼ਨ ਵਿਚ ਕਰਨਾ ਪੈ ਸਕਦਾ ਹੈ ਭਾਰੀ ਮੁਸ਼ਕਲਾਂ ਦਾ ਸਾਹਮਣਾ
ਆਉਣ ਵਾਲੇ ਸਮੇਂ ਵਿਚ ਵੀ ਜੀਰੀ ਦੇ ਸੀਜਨ ਵਿਚ ਸਰਕਾਰ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੇ ਹੜਤਾਲ ਕੀਤੀ ਹੋਈ ਹੈ। ਬੇਸ਼ੱਕ ਆੜ੍ਹਤੀਆਂ ਦੀ ਹੜਤਾਲ ਤਾਂ 5 ਅਕਤੂਬਰ ਨੂੰ ਖੁੱਲ੍ਹ•ਜਾਵੇਗੀ ਪਰ ਸ਼ੈਲਰ ਮਾਲਕਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਹੋਈ ਹੈ, ਜਿਸ ਕਾਰਨ ਜੀਰੀ ਦੀ ਫਸਲ ਦੀ ਖਰੀਦ ਵਿਚ ਭਾਰੀ ਮੁਸ਼ਕਲ ਆਵੇਗੀ। ਸ਼ੈਲਰ ਮਾਲਕਾਂ ਨੇ ਆਪਣੇ ਸ਼ੈਲਰਾਂ ਵਿਚ ਮਾਲ ਲਗਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਲੋਡਿੰਗ-ਅਣਲੋਡਿੰਗ ਦੀ ਸਮੱਸਿਆ ਵੀ ਪੈਦਾ ਹੋਵੇਗੀ। ਇਸ ਕਾਰਨ ਜੀਰੀ ਦਾ ਸੀਜਨ ਵੀ ਲੰਬਾ ਚੱਲੇਗਾ ਅਤੇ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜ਼ਬੂਰ ਹੋਵੇਗਾ।

ਸੀਜ਼ਨ ਦੇ ਸ਼ੁਰੂ ਵਿਚ ਹੀ ਰੁਲਣ ਲੱਗਿਆ ਹੈ ਕਿਸਾਨ ਮੰਡੀਆਂ ਵਿਚ
ਅਨਾਜ ਮੰਡੀ ਵਿਚ ਫਸਲ ਲੈ ਕੇ ਆਏ ਕਿਸਾਨ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਦੀ ਮਾੜੀ ਨੀਤੀ ਕਾਰਨ ਹੀ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ। ਸਰਕਾਰ ਨੇ 1 ਅਕਤੂਬਰ ਤੋਂ ਜੀਰੀ ਦੀ ਫਸਲ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਮੈਂ ਅਨਾਜ ਮੰਡੀ ਵਿਚ ਬੀਤੇ ਦਿਨੀਂ ਫਸਲ ਲੈ ਕੇ ਆਇਆ ਸੀ। ਜੀਰੀ ਵੀ ਬਿਲਕੁਲ ਸੁੱਕੀ ਪਈ ਹੈ। ਇਸ ਦੇ ਬਾਵਜੂਦ ਵੀ ਇਸ ਦੀ ਵਿਕਰੀ ਨਹੀਂ ਹੋਈ। ਕਈ ਕਿਸਾਨ ਤਾਂ 1 ਅਕਤੂਬਰ ਨੂੰ ਹੀ ਅਨਾਜ ਮੰਡੀ ਵਿਚ ਆਪਣੀ ਜੀਰੀ ਦੀ ਫਸਲ ਲੈ ਆਏ ਸੀ। ਉਨ੍ਹਾਂ ਦੀ ਵੀ ਜੀਰੀ ਨਹੀਂ ਵਿਕੀ। ਉਨ੍ਹਾਂ ਕਿਹਾ ਕਿ ਸੀਜ਼ਨ ਦੇ ਸ਼ੁਰੂ ਵਿਚ ਹੀ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ, ਜਦੋਂ ਸੀਜ਼ਨ ਜੋਰ ਫੜੇਗਾ, ਉਦੋਂ ਕੀ ਹਾਲ ਹੋਵੇਗਾ, ਸਮਝ ਤੋਂ ਬਾਹਰ ਹੈ।

ਕਿਸਾਨਾਂ ਅਤੇ ਵਪਾਰੀਆਂ ਨੂੰ ਬਚਾਉਣ ਲਈ ਠੋਸ ਨੀਤੀ ਤਿਆਰ ਕਰੇ ਪੰਜਾਬ ਸਰਕਾਰ
ਸ਼ੈਲਰ ਐਸੋ. ਦੇ ਪ੍ਰਧਾਨ ਅਜੈਬ ਸਿੰਘ ਜਵੰਧਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਈ ਠੋਸ ਨੀਤੀ ਨਾ ਬਣਾਉਣ ਕਾਰਨ ਕਿਸਾਨਾਂ ਅਤੇ ਵਪਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੈਲਰ ਇੰਡਸਟਰੀ ਤਬਾਹੀ ਦੀ ਕਗਾਰ 'ਤੇ ਆ ਗਈ ਹੈ। ਇਸੇ ਕਾਰਨ ਹੀ ਮਜ਼ਬੂਰ ਹੋ ਕੇ ਸ਼ੈਲਰ ਮਾਲਕਾਂ ਨੂੰ ਹੜਤਾਲ ਦੀ ਕਾਲ ਕਰਨੀ ਪਈ। ਸਰਕਾਰ ਨੂੰ ਕਿਸਾਨਾਂ ਅਤੇ ਵਪਾਰੀਆਂ ਨੂੰ ਬਚਾਉਣ ਲਈ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਅਤੇ ਵਪਾਰੀਆਂ ਨੂੰ ਬਚਾਇਆ ਜਾ ਸਕੇ।

ਬਰਸਾਤੀ ਪਾਣੀ ਦੀ ਨਿਕਾਸੀ ਲਈ ਸੀਵਰੇਜ ਸਿਸਟਮ ਕੀਤਾ ਜਾਵੇ ਦਰੁਸਤ
ਅਕਾਲੀ ਆਗੂ ਬੇਅੰਤ ਬਾਠ ਨੇ ਕਿਹਾ ਕਿ ਸ਼ਹਿਰ ਵਿਚ ਥੋੜ੍ਹੀ ਜਿਹੀ ਹੀ ਬਰਸਾਤ ਹੋਣ 'ਤੇ ਬਰਸਾਤੀ ਪਾਣੀ ਨਾਲ ਸੜਕਾਂ ਲਬਾ-ਲਬ ਭਰ ਜਾਂਦੀਆਂ ਹਨ। ਇਸ ਦਾ ਮੁੱਖ ਕਾਰਨ ਸੀਵਰੇਜ ਸਿਸਟਮ ਦਾ ਦਰੁਸਤ ਨਾ ਹੋਣਾ ਹੈ। ਬਰਸਾਤ ਦਾ ਪਾਣੀ ਜਮ੍ਹਾ ਹੋਣ ਕਾਰਨ ਜਿਥੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋਵੇ ਇਸ ਲਈ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਦਰੁਸਤ ਕਰਨ ਦੀ ਲੋੜ ਹੈ।


cherry

Content Editor

Related News