ਸਰਹੱਦੀ ਸੂਬਾ ਹੋਣ ਕਾਰਨ ਕਈ ਚੁਣੌਤੀਆਂ ਨਾਲ ਜੂਝ ਰਿਹੈ ਪੰਜਾਬ

11/09/2019 3:03:02 PM

ਬਰਨਾਲਾ (ਵਿਵੇਕ ਸਿੰਧਵਾਨੀ) : ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਕਈ ਚੁਣੌਤੀਆਂ ਨਾਲ ਜੂਝਣਾ ਪੈਂਦਾ ਹੈ, ਜਿਨ੍ਹਾਂ ਦੇ ਹੱਲ ਤੋਂ ਬਿਨਾਂ ਪੰਜਾਬ ਦਾ ਭਵਿੱਖ ਕਦੇ ਵੀ ਸੁਨਹਿਰੀ ਨਹੀਂ ਬਣ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਦਿਲਪ੍ਰੀਤ ਸਿੰਘ ਸੰਧੂ ਨੇ 'ਪੰਜਾਬ ਦਾ ਸਰਵਪੱਖੀ ਵਿਕਾਸ ਕਿਵੇਂ ਹੋਵੇ' ਬਾਰੇ ਚਰਚਾ ਦੀ ਸ਼ੁਰੂਆਤ ਕਰਦਿਆਂ ਕੀਤਾ।

ਕੈਂਸਰ ਅਤੇ ਹੋਰ ਅਲਾਮਤਾਂ ਨੇ ਸੂਬੇ ਨੂੰ ਘੇਰਨਾ ਸ਼ੁਰੂ ਕਰ ਦਿੱਤਾ : ਜੈਨ
ਅਚਲ ਜੈਨ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ। ਇਸ ਦੇ ਨਾਲ ਹੀ ਇਥੋਂ ਦੇ ਨੌਜਵਾਨ ਖੇਡਾਂ, ਫੌਜ ਅਤੇ ਬਾਕੀ ਵਿਭਾਗਾਂ ਵਿਚ ਪੰਜਾਬ ਅੰਦਰ ਹੀ ਨੌਕਰੀ ਨਹੀਂ ਕਰ ਰਹੇ ਸਗੋਂ ਇਨ੍ਹਾਂ ਨੇ ਦੇਸ਼ ਅਤੇ ਵਿਦੇਸ਼ਾਂ ਵਿਚ ਵੀ ਆਪਣੀ ਧਾਕ ਜਮਾਈ ਹੋਈ ਹੈ ਪਰ ਜਿਸ ਢੰਗ ਨਾਲ ਹੁਣ ਖੇਤੀਬਾੜੀ ਲਾਹੇ ਦਾ ਕਾਰੋਬਾਰ ਨਹੀਂ ਰਹੀ। ਕੈਂਸਰ ਅਤੇ ਹੋਰ ਅਲਾਮਤਾਂ ਨੇ ਸੂਬੇ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਹਵਾ, ਪਾਣੀ ਤੇ ਧਰਤੀ ਵਿਚ ਅਸ਼ੁੱਧਤਾ ਪੈਦਾ ਹੋਣ ਕਾਰਨ ਹਰ ਪਾਸੇ ਵਾਤਾਵਰਣ ਦੂਸ਼ਿਤ ਹੁੰਦਾ ਜਾ ਰਿਹਾ ਹੈ। ਨਸ਼ਿਆਂ ਦੇ ਦਰਿਆ ਵਗਣ ਲੱਗੇ ਹਨ। ਇਨ੍ਹਾਂ ਸਭਨਾਂ ਨੇ ਪੰਜਾਬ ਦੀ ਖੁਸ਼ਹਾਲੀ, ਅਮਨ ਅਤੇ ਸ਼ਾਤੀ ਨੂੰ ਪ੍ਰਸ਼ਨ ਚਿੰਨ੍ਹ ਲਾ ਕੇ ਰੱਖ ਦਿੱਤਾ ਹੈ।

ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਮੰਡੀਆਂ ਵਿਚ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੂਰ ਕੀਤੀਆਂ ਜਾਣ : ਅਜੈ ਕੁਮਾਰ ਭਦੌੜ
ਆੜ੍ਹਤੀ ਐਸੋ. ਭਦੌੜ ਦੇ ਪ੍ਰਧਾਨ ਬਾਬੂ ਅਜੈ ਕੁਮਾਰ ਭਦੌੜ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬ ਦੇ ਭਵਿੱਖ ਨੂੰ ਸੁਨਿਹਰੀ ਬਣਾਉਣਾ ਚਾਹੁੰਦੀ ਹੈ ਤਾਂ ਇਸ ਨੂੰ ਪੰਜਾਬ ਦੇ ਪਾਣੀਆਂ ਪ੍ਰਤੀ ਪੁਰਾਣੀ ਵੰਡ ਖਤਮ ਕਰਕੇ ਪੰਜਾਬ ਦਾ ਹਿੱਸਾ ਪੰਜਾਬ ਨੂੰ ਦੇਣਾ ਚਾਹੀਦਾ ਹੈ। ਪੰਜਾਬ ਦੇ ਕਿਸਾਨਾਂ ਨੂੰ ਡੀਜ਼ਲ ਅਤੇ ਬਿਜਲੀ ਸਸਤੇ ਰੂਪ ਵਿਚ ਦਿੱਤੀ ਜਾਵੇ। ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਮੰਡੀਆਂ ਵਿਚ ਦਰਪੇਸ਼ ਮੁਸ਼ਕਲਾਂ ਦੂਰ ਕੀਤੀਆਂ ਜਾਣ। ਪੰਜਾਬ ਦੀ ਸਿਹਤ ਅਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਪੰਜਾਬ ਖੁਸ਼ਹਾਲ ਅਤੇ ਤਰੱਕੀ ਵਾਲਾ ਸੂਬਾ ਬਣ ਸਕੇ।

ਸ਼ਹਿਰਾਂ ਅਤੇ ਕਸਬਿਆਂ 'ਚ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ ਟਰੈਫਿਕ ਸਮੱਸਿਆ : ਨੈਣੇਵਾਲੀਆ
ਸਮਾਜ ਸੇਵੀ ਦਰਸ਼ਨ ਸਿੰਘ ਨੈਣੇਵਾਲੀਆ ਨੇ ਕਿਹਾ ਕਿ ਪੰਜਾਬ ਵਿਚ ਵ੍ਹੀਕਲਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਣ ਨਾਲ ਸ਼ਹਿਰਾਂ ਅਤੇ ਕਸਬਿਆਂ ਵਿਚ ਟਰੈਫਿਕ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਜੋ ਹਾਦਸਿਆਂ ਦਾ ਕਾਰਨ ਹੀ ਨਹੀਂ ਬਣਦੀ ਸਗੋਂ ਸਮੇਂ ਅਤੇ ਧਨ ਦੀ ਬਰਬਾਦੀ ਦਾ ਕਾਰਨ ਬਣ ਕੇ ਪੰਜਾਬੀਆਂ ਦੀ ਆਰਥਿਕਤਾ 'ਤੇ ਵੀ ਸੱਟ ਮਾਰ ਰਹੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰਾਂ ਵਿਚ ਲੋਕਲ ਮੈਟਰੋ ਰੇਲ ਤੇ ਮੈਟਰੋ ਬੱਸਾਂ ਆਦਿ ਚਲਾਵੇ।

ਪੰਜਾਬ 'ਚ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਰੋਕਣ ਵੱਲ ਦੇਣਾ ਹੋਵੇਗਾ ਵਿਸ਼ੇਸ਼ ਧਿਆਨ : ਦੱਦਾਹੂਰ
ਸਮਾਜ ਸੇਵੀ ਧੀਰਜ਼ ਦੱਦਾਹੂਰ ਨੇ ਕਿਹਾ ਕਿ ਜੇਕਰ ਅਸੀਂ ਪੰਜਾਬ ਨੂੰ ਖੁਸ਼ਹਾਲੀ, ਤਰੱਕੀ ਅਤੇ ਅਮਨ ਪੱਖ ਤੋਂ ਨੰਬਰ 1 ਸੂਬਾ ਦੇਖਣਾ ਚਾਹੁੰਦੇ ਹਾਂ ਤਾਂ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਰੋਕਣ, ਪ੍ਰਦੂਸ਼ਣ ਦੇ ਖਾਤਮੇ, ਕੈਂਸਰ ਦੀ ਰੋਕਥਾਮ, ਪਾਣੀ ਅਤੇ ਹਵਾ ਦੀ ਸ਼ੁੱਧਤਾ, ਸਕੂਲਾਂ ਅਤੇ ਕਾਲਜਾਂ ਵਿਚ ਅਧਿਆਪਕਾਂ ਆਦਿ ਦਾ ਸਟਾਫ ਪੂਰਾ ਕਰਨ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਜੇਕਰ ਅਸੀਂ ਉਕਤ ਸਮੱਸਿਆਵਾਂ ਦਾ ਹੱਲ ਨਹੀਂ ਕਰਦੇ ਤਾਂ ਪੰਜਾਬ ਦੇ ਭਵਿੱਖ 'ਤੇ ਹਮੇਸ਼ਾ ਪ੍ਰਸ਼ਨ ਚਿੰਨ੍ਹ ਲੱਗਿਆ ਰਹੇਗਾ।  

cherry

This news is Content Editor cherry