ਪੰਜਾਬ ਦੇ ਸਕੂਲਾਂ ''ਚ ਆਰ. ਐੱਸ. ਐੱਸ. ਦਾ ਏਜੰਡਾ ਲਾਗੂ ਨਹੀਂ ਹੋਣ ਦਿਆਂਗੇ : ਢਿੱਲੋਂ

02/06/2020 2:30:25 PM

ਚੰਡੀਗੜ੍ਹ (ਭੁੱਲਰ) : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਆਰ. ਐੱਸ. ਐੱਸ. ਦੀ ਸਹਾਇਤਾ ਪ੍ਰਾਪਤ ਸਰਵਹਿਤਕਾਰੀ ਵਿੱਦਿਆ ਮੰਦਰਾਂ 'ਚ ਵਿਦਿਆਰਥੀਆਂ ਨੂੰ ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ ਕਰਨ ਲਈ ਮਜਬੂਰ ਕਰਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਇਸ ਵੰਡ-ਪਾਊ ਕਾਨੂੰਨ ਦੇ ਹੱਕ 'ਚ ਸਕੂਲੀ ਵਿਦਿਆਰਥੀਆਂ ਦੇ ਦਸਤਖ਼ਤ ਕਰਵਾਉਣ ਦਾ ਸਖ਼ਤ ਨੋਟਿਸ ਲਿਆ ਹੈ।

ਇਥੇ ਜਾਰੀ ਇਕ ਬਿਆਨ 'ਚ ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਨੂੰ ਮਾਸੂਮ ਦਿਮਾਗਾਂ ਨੂੰ ਪ੍ਰਦੂਸ਼ਿਤ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਸਕੂਲਾਂ ਦੇ ਪ੍ਰਬੰਧਕਾਂ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਤੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਮਾਮਲੇ ਨੂੰ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਸਾਹਮਣੇ ਚੁੱਕ ਕੇ ਆਰ. ਐੱਸ. ਐੱਸ. ਦੇ ਏਜੰਡੇ ਨੂੰ ਲਾਗੂ ਕਰਨ ਵਾਲੇ ਸਕੂਲਾਂ ਦੀ ਮਾਨਤਾ ਰੱਦ ਕਰਨ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਮੁੱਦਾ ਹੈ ਅਤੇ ਯੂਥ ਕਾਂਗਰਸ ਇਸ ਨੂੰ ਇਕ ਨਿਰਣਾਇਕ ਫੈਸਲੇ ਤੱਕ ਪਹੁੰਚਾਵੇਗੀ।

ਢਿੱਲੋਂ ਨੇ ਕਿਹਾ ਕਿ ਸੰਗਰੂਰ ਜ਼ਿਲੇ ਦੇ ਧਨੌਲਾ 'ਚ ਸਰਵਹਿਤਕਾਰੀ ਸਕੂਲ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਦੀ ਮਨਜ਼ੂਰੀ ਬਗੈਰ ਉਨ੍ਹਾਂ ਤੋਂ ਬੈਨਰਾਂ 'ਤੇ ਦਸਤਖਤ ਕਰਵਾਏ, ਜਿਨ੍ਹਾਂ 'ਚ ਲਿਖਿਆ ਗਿਆ ਸੀ ਕਿ ਉਹ 15 ਜਨਵਰੀ ਨੂੰ ਪਾਸ ਕੀਤੇ ਸੀ. ਏ. ਏ. ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਅਜਿਹੀ ਗਤੀਵਿਧੀ ਆਰ. ਐੱਸ. ਐੱਸ. ਤੋਂ ਸਹਾਇਤਾ ਪ੍ਰਾਪਤ ਹੋਰਨਾਂ ਸਕੂਲਾਂ 'ਚ ਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸਕੂਲਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਫਿਰ ਸੀ. ਬੀ. ਐੱਸ. ਈ. ਤੋਂ ਮਾਨਤਾ ਲੈ ਰੱਖੀ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਦੀ ਇਹ ਕਾਰਵਾਈ ਉਨ੍ਹਾਂ ਨਿਯਮਾਂ ਤੇ ਕਾਨੂੰਨਾਂ ਦਾ ਉਲੰਘਣ ਹੈ, ਜਿਸ ਦੇ ਤਹਿਤ ਇਨ੍ਹਾਂ ਨੂੰ ਮਾਨਤਾ ਮਿਲੀ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸੀ. ਏ. ਏ. ਖਿਲਾਫ਼ ਪੱਖ ਰੱਖਿਆ ਸੀ ਅਤੇ ਵਿਧਾਨ ਸਭਾ 'ਚ ਸਰਬਸੰਮਤੀ ਨਾਲ ਪਤਾ ਪਾਸ ਕਰ ਕੇ ਇਸ ਕਾਨੂੰਨ ਨੂੰ ਨਾਮਨਜ਼ੂਰ ਕੀਤਾ ਗਿਆ ਸੀ।


Anuradha

Content Editor

Related News