ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਰਕਾਰ ਨਹੀਂ ਬਖਸ਼ੇਗੀ : ਅਵਤਾਰ ਹੈਨਰੀ

09/07/2018 12:19:06 PM

ਮਾਨਸਾ (ਸੰਦੀਪ ਮਿੱਤਲ)— ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਸਰਕਾਰ ਨਹੀਂ ਬਖਸ਼ੇਗੀ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾ ਹੈ ਕਿ ਉਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਰਹੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਜ਼ਿਲਾ ਮਾਨਸਾ ਦੇ ਚੋਣ ਅਬਜ਼ਰਵਰ ਅਵਤਾਰ ਹੈਨਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲੇ ਦੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਨੂੰ ਜ਼ਿਲਾ ਅਤੇ ਹਲਕਾ ਲੀਡਰਾਂ ਨਾਲ ਵਿਚਾਰ-ਵਟਾਂਦਰਾਂ ਕਰਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

ਸ਼੍ਰੀ ਹੈਨਰੀ ਨੇ ਸਪੱਸ਼ਟ ਕਿਹਾ ਕਿ ਅਨੁਸ਼ਾਸਨ ਭੰਗ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ। ਕਿਉਂਕਿ ਇਹ ਚੋਣ ਨਤੀਜੇ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨਗੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜ਼ਿਲੇ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਸ਼੍ਰੀਮਤੀ ਸੋਨੀਆ ਗਾਂਧੀ, ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਝੋਲੀ ਵਿਚ ਪਾਈਆਂ ਜਾਣਗੀਆਂ। ਇਸ ਮੌਕੇ ਜ਼ਿਲਾ ਕਾਂਗਰਸ ਮਾਨਸਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਨੇ ਕਿਹਾ ਕਿ ਜ਼ਿਲੇ ਦੀਆਂ 11 ਜ਼ਿਲਾ ਪ੍ਰੀਸ਼ਦਾਂ ਸਮੇਤ ਸਮੁੱਚੀਆਂ ਬਲਾਕ ਸੰਮਤੀਆਂ ਦੇ ਉਮੀਦਵਾਰ ਮੈਦਾਨ ਵਿਚ ਲਿਆਂਦੇ ਗਏ ਹਨ, ਜੋ ਕਿ ਅਕਾਲੀ ਉਮੀਦਵਾਰਾਂ ਦੇ ਮੁਕਾਬਲੇ ਇਮਾਨਦਾਰ ਅਤੇ ਲੋਕਾਂ ਦੇ ਸੱਚੇ ਸੇਵਾਦਾਰ ਹਨ। ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਮਾਨਸਾ ਦੇ ਸੇਵਾਦਾਰ ਡਾ. ਮੰਜੂ ਬਾਂਸਲ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਤੋਂ ਇਲਾਵਾ ਹੋਰ ਵੀ ਮੌਜੂਦ ਸਨ।