ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਰੋਕਣ ਲਈ ਪ੍ਰਸ਼ਾਸਨ ਨੇ ਕੈਮਿਸਟਾਂ ਨਾਲ ਕੀਤੀ ਮੀਟਿੰਗ

07/04/2019 4:51:43 PM

ਜਲਾਲਾਬਾਦ (ਗੁਲਸ਼ਨ) - ਪੰਜਾਬ ਸਰਕਾਰ ਵਲੋਂ ਸੂਬੇ 'ਚ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਵਿੱਢੀ ਮੁਹਿੰਮ ਦੇ ਤਹਿਤ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਜ਼ਿਲਾ ਕੈਮਿਸਟ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ, ਜਿਸ 'ਚ ਜ਼ਿਲਾ ਪੁਲਸ ਕਪਤਾਨ ਦੀਪਕ ਹਿਲੋਰੀ ਵੀ ਮੌਜੂਦ ਸਨ। ਜ਼ਿਲਾ ਫਾਜ਼ਿਲਕਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਛਾਬੜਾ ਕਾਲੀ ਦੀ ਪ੍ਰਧਾਨਗੀ 'ਚ ਪ੍ਰਸ਼ਾਸਨ ਨਾਲ ਹੋਈ ਇਸ ਮੀਟਿੰਗ 'ਚ ਕੈਮਿਸਟ ਐਸੋਸੀਏਸ਼ਨ ਦੇ ਸੂਬੇ ਭਰ ਤੋਂ ਕਰੀਬ 500 ਮੈਂਬਰ ਪੁੱਜੇ। ਇਸ ਮੌਕੇ ਡੀ.ਸੀ. ਮਨਪ੍ਰੀਤ ਸਿੰਘ ਨੇ ਕੈਮਿਸਟ ਐਸੋਸੀਏਸ਼ਨ ਦੇ ਸਮੁੱਚੇ ਅਹੁਦੇਦਾਰਾਂ ਤੋਂ ਜ਼ਿਲਾ ਫਾਜ਼ਿਲਕਾ 'ਚ ਨਸ਼ੀਲੀ ਦਵਾਈਆਂ ਦੀ ਵਿਕਰੀ ਤੋਂ ਗੁਰੇਜ਼ ਕਰਕੇ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ 'ਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸਖਤ ਲਹਿਜ਼ੇ 'ਚ ਕਿਹਾ ਕਿ ਜੇਕਰ ਕੋਈ ਕੈਮਿਸਟ ਜਾਂ ਦਵਾਈਆਂ ਵੇਚਣ ਵਾਲਾ ਦਵਾਈਆਂ ਦੀ ਆੜ੍ਹ 'ਚ ਗੈਰ ਕਾਨੂੰਨੀ ਤਰੀਕੇ ਨਾਲ ਨਸ਼ੇ ਵਾਲੀਆਂ ਪਾਬੰਦੀਸ਼ੁਦਾ ਦਵਾਈਆਂ ਵੇਚਦਾ ਫੜਿਆ ਜਾਂਦਾ ਹੈ ਤਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਡਿਪਟੀ ਕਮਿਸ਼ਨਰ ਨੇ ਨਸ਼ੀਲੀ ਦਵਾਈਆਂ ਦੀ ਵਿਕਰੀ ਖਤਮ ਕਰਨ 'ਚ ਕੈਮਿਸਟਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲਾ ਫਾਜ਼ਿਲਕਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਕਾਲੀ ਛਾਬੜਾ ਨੇ ਕਿਹਾ ਕਿ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕੈਮਿਸਟਾਂ ਨੂੰ ਟਰਾਮਾਡੋਲ ਅਤੇ ਐਲਪਰਾਜੋਲਮ ਵਰਗੀਆਂ ਪਾਬੰਦੀਸ਼ੁਦਾ ਦਵਾਈਆਂ ਨਾ ਵੇਚਣ ਦੇ ਨਿਰਦੇਸ਼ ਦਿੱਤੇ ਹਨ। ਕੈਮਿਸਟ ਯੂਨੀਅਨ ਨੇ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਕਿ ਕੈਮਿਸਟ ਡਾਕਟਰ ਦੀ ਪਰਚੀ ਤੋਂ ਬਿਨਾਂ ਕੋਈ ਦਵਾਈ ਨਹੀਂ ਵੇਚਣਗੇ। ਯੂਨੀਅਨ ਨੇ ਡੀ.ਸੀ. ਨੂੰ ਭਰੋਸਾ ਦਿਵਾਇਆ ਕਿ ਉਹ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ 'ਚ ਪ੍ਰਸ਼ਾਸਨ ਦੇ ਨਾਲ ਖੜੇ ਹਨ।

rajwinder kaur

This news is Content Editor rajwinder kaur