ਬੈਂਕ ਨੇ ਕਿਸਾਨਾਂ ਦੇ ਲਿਮਟ ਵਾਲੇ ਖਾਤੇ ਡੇਅਰੀ ਲੋਨ ’ਚ ਪਾ ਕੇ ਮਾਰੀ ਕਰੋੜਾਂ ਦੀ ਠੱਗੀ, ਕਿਸਾਨਾਂ ਨੇ ਲਗਾਇਆ ਧਰਨਾ

04/21/2022 11:57:04 AM

ਸੰਗਤ ਮੰਡੀ (ਮਨਜੀਤ) : ਪਿੰਡ ਪੱਕਾ ਕਲਾਂ ਸਥਿਤ ਪੰਜਾਬ ਨੈਸ਼ਨਲ ਬੈਂਕ ਵੱਲੋਂ ਕਿਸਾਨਾਂ ਦੇ ਲਿਮਟ ਵਾਲੇ ਖਾਤਿਆਂ ਨੂੰ ਡੇਅਰੀ ਲੋਨ ’ਚ ਤਬਦੀਲ ਕਰ ਕੇ ਕਿਸਾਨਾਂ ਨਾਲ ਕਰੋੜਾ ਦੀ ਠੱਗੀ ਮਾਰਨ ਕਾਰਨ ਰੋਹ ’ਚ ਆਏ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਦੀ ਅਗਵਾਈ ਹੇਠ ਬੈਂਕ ਅੱਗੇ ਧਰਨਾ ਲਗਾ ਕੇ ਬੈਂਕ ਕਰਮਚਾਰੀਆਂ ਨੂੰ ਬੰਦੀ ਬਣਾ ਲਿਆ ਗਿਆ। ਕਿਸਾਨਾਂ ਵੱਲੋਂ ਬੈਂਕ ਕਰਮਚਾਰੀਆਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਜਿਨ੍ਹਾਂ ਸਮਾਂ ਕਿਸਾਨਾਂ ਦੇ ਖਾਤਿਆਂ ਨੂੰ ਡੇਅਰੀ ਲੋਨ ’ਚੋਂ ਬਦਲ ਕੇ ਕਿਸਾਨਾਂ ਦੇ ਖ਼ੇਤੀ ਲਿਮਟ ਵਾਲੇ ਖ਼ਾਤਿਆਂ ’ਚ ਤਬਦੀਲ ਨਹੀਂ ਕੀਤਾ ਜਾਂਦਾ ਓਨਾ ਸਮਾਂ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਕਿਸੇ ਵੀ ਬੈਂਕ ਕਰਮਚਾਰੀ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਯੂਨੀਅਨ ਦੇ ਬਲਾਕ ਪ੍ਰਧਾਨ ਜਬਰਜੰਗ ਸਿੰਘ ਪੱਕਾ ਕਲਾਂ ਅਤੇ ਕਿਸਾਨ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੈਂਕ ਕਰਮਚਾਰੀਆਂ ਵੱਲੋਂ ਫਰਵਰੀ ਮਹੀਨੇ ਤੋਂ ਉਨ੍ਹਾਂ ਦੇ ਕਿਸਾਨ ਲਿਮਟ ਵਾਲੇ ਖ਼ਾਤੇ ਨੂੰ ਡੇਅਰੀ ਲੋਨ ’ਚ ਤਬਦੀਲ ਕਰ ਦਿੱਤਾ ਗਿਆ, ਜਿਸ ਤਹਿਤ ਹਰ ਮਹੀਨੇ ਕਿਸਾਨਾਂ ਨੂੰ ਕਿਸਤ ਭਰਨ ਲਈ ਕਿਹਾ ਗਿਆ, ਜਿਹੜੇ ਕਿਸਾਨਾਂ ਨੇ ਆਪਣੀ ਕਿਸਤ ਨਾ ਭਰੀ ਤਾਂ ਉਸ ਨੂੰ ਬੈਂਕ ਅਧਿਕਾਰੀਆਂ ਵੱਲੋਂ ਡਿਫਾਲਟਰ ਐਲਾਨ ਕੇ ਉਸ ਕਿਸਾਨ ਦੀ ਫੋਟੋ ਬੈਂਕ ’ਚ ਲਗਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਰੰਗੇ ਹੱਥੀਂ ਫੜਿਆ ਚਿੱਟੇ ਦੀ ਸਪਲਾਈ ਕਰਦਾ ਨੌਜਵਾਨ, ਲੋਕਾਂ ਨੇ ਬਣਾਈ ਲਾਈਵ ਵੀਡੀਓ

ਉਨ੍ਹਾਂ ਦੱਸਿਆ ਕਿ ਜਿੰਨੇ ਵੀ ਬਠਿੰਡਾ ਜ਼ਿਲ੍ਹੇ ਦੇ 86 ਕੋਡ ਵਾਲੇ ਖਾਤੇ ਹਨ, ਉਨ੍ਹਾਂ ਸਾਰਿਆਂ ਖ਼ਾਤਾ ਧਾਰਕਾਂ ਨੂੰ ਬੈਂਕ ਵੱਲੋਂ ਡਿਫਾਲਟਰ ਐਲਾਨ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਹ ਘਪਲਾ ਲਗਭਗ 8 ਸੌ ਕਰੋੜ ਦੇ ਕਰੀਬ ਹੈ। ਗਗਨਦੀਪ ਸਿੰਘ ਨੇ ਅੱਗੇ ਦੱਸਿਆ ਕਿ ਜਦ ਉਹ ਬੈਂਕ ’ਚ ਲੈਣ ਦੇਣ ਕਰਨ ਗਿਆ ਤਾਂ ਉਸ ਦਾ ਬੈਂਕ ਵੱਲੋਂ ਪਹਿਲਾ ਹੀ ਖਾਤੇ ਨੂੰ ਫਰੀਜ਼ ਕਰ ਦਿੱਤਾ ਗਿਆ ਸੀ ਅਤੇ ਲੈਣ-ਦੇਣ ਸਾਰਾ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੋ ਕਿਸਾਨ ਲਿਮਟ ਵਾਲਾ ਖ਼ਾਤਾ ਸੀ ਉਸ ’ਤੇ ਬੈਂਕ ਵੱਲੋਂ ਸਾਢੇ ਚਾਰ ਫੀਸਦੀ ਵਿਆਜ ਲਿਆ ਜਾਂਦਾ ਸੀ ਪਰ ਡੇਅਰੀ ਲੋਨ ਵਾਲੇ ਖ਼ਾਤੇ ’ਚ ਬੈਂਕ ਵੱਲੋਂ ਕਿਸਾਨਾਂ ਤੋਂ ਸਾਢੇ ਦਸ ਫੀਸਦੀ ਵਿਆਜ ਲਿਆ ਜਾਂਦਾ ਹੈ, ਜੋ ਬੈਂਕ ਵੱਲੋਂ ਕਿਸਾਨਾਂ ਤੋਂ ਬਿਨਾਂ ਪੁੱਛੇ ਖ਼ਾਤਿਆਂ ਨਾਲ ਛੇੜ-ਛਾੜ ਕਰ ਕੇ ਨਾਲ ਸ਼ਰੇਆਮ ਠੱਗੀ ਮਾਰੀ ਗਈ ਹੈ।

ਬੈਂਕ ਕਰਮਚਾਰੀਆਂ ਵੱਲੋਂ ਬਿਨਾਂ ਦੱਸੇ ਉਨ੍ਹਾਂ ਖ਼ਾਤਿਆਂ ਨਾਲ ਕੀਤੀ ਛੇੜਛਾੜ : ਕਿਸਾਨ

ਉਨ੍ਹਾਂ ਦੱਸਿਆ ਕਿ ਪਿੰਡ ਦੇ 15 ਕਿਸਾਨਾਂ ਦੇ ਖਾਤਿਆਂ ਨਾਲ ਅਜਿਹੇ ਹੀ ਤਰੀਕੇ ਬੈਂਕ ਕਰਮਚਾਰੀਆਂ ਵੱਲੋਂ ਛੇੜਛਾੜ ਕਰ ਕੇ ਡੇਅਰੀ ਲੋਨ ’ਚ ਤਬਦੀਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਰਿਜ਼ਰਵ ਬੈਂਕ ਆਫ਼ ਇੰਡੀਆਂ ਦੇ ਨਿਯਮਾਂ ਮੁਤਾਬਕ ਬੈਂਕ ਦੇ ਖਾਤੇ ਨਾਲ ਕੋਈ ਵੀ ਛੇੜਛਾੜ ਨਹੀਂ ਕਰ ਸਕਦਾ ਪਰ ਬੈਂਕ ਕਰਮਚਾਰੀਆਂ ਵੱਲੋਂ ਬਿਨਾਂ ਕਿਸਾਨਾਂ ਨੂੰ ਦੱਸੇ ਉਨ੍ਹਾਂ ਦੇ ਖ਼ਾਤਿਆਂ ਨਾਲ ਛੇੜਛਾੜ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਬਠਿੰਡਾ ਜ਼ਿਲੇ ’ਚ ਹੀ ਬੈਂਕ ਕਰਮਚਾਰੀਆਂ ਵੱਲੋਂ 8 ਸੌ ਕਰੋੜ ਤੋਂ ਜ਼ਿਆਦਾ ਦਾ ਘਪਲਾ ਕੀਤਾ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਤੇ ਦੋਸ਼ ਲਗਾਇਆ ਕਿ ਜੋ ਨੀਰਵ ਮੋਦੀ ਵੱਲੋਂ ਪਿਛਲੇ ਸਮੇਂ ਦੌਰਾਨ ਬੈਂਕ ਨਾਲ ਕਰੋੜਾ ਦਾ ਘਪਲਾ ਵਿਦੇਸ਼ ਭੱਜਿਆ ਸੀ, ਉਹ ਬੈਂਕ ਕਰਮਚਾਰੀਆਂ ਵੱਲੋਂ ਭਾਜਪਾ ਨਾਲ ਮਿਲ ਕੇ ਕਿਸਾਨਾਂ ਤੋਂ ਵਸੂਲਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਵਿਦੇਸ਼ ਗਏ 25 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ, ਪਰਿਵਾਰ ਨੇ ਕਤਲ ਦਾ ਕੀਤਾ ਸ਼ੱਕ ਜ਼ਾਹਿਰ

ਕੇਵਲ ਫਰਵਰੀ ਮਹੀਨੇ ਦਾ ਹੀ ਬੈਂਕ ਵੱਲੋਂ ਕਿਸਾਨਾਂ ਨਾਲ ਕਰੋੜਾਂ ਦਾ ਘਪਲਾ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਬੈਂਕ ਕਰਮਚਾਰੀਆਂ ਵੱਲੋਂ ਜੋ ਕਿਸਾਨਾਂ ਦੇ ਖ਼ੇਤੀ ਲਿਮਟ ਵਾਲੇ ਖ਼ਾਤਿਆਂ ਨਾਲ ਛੇੜਛਾੜ ਕਰ ਕੇ ਉਨ੍ਹਾਂ ਨੂੰ ਡੇਅਰੀ ਲੋਨ ’ਚ ਬਦਲਿਆ ਗਿਆ ਹੈ ਉਹ ਤੁਰੰਤ ਖੇਤੀ ਲਿਮਟ ਵਾਲੇ ਖ਼ਾਤਿਆਂ ’ਚ ਤਬਦੀਲ ਕੀਤਾ ਜਾਵੇ ਅਤੇ ਜੋ ਬੈਂਕ ਨੇ ਕਿਸਾਨਾਂ ਤੋਂ ਡੇਅਰੀ ਲੋਨ ਵਾਲੇ ਖਾਤਿਆਂ ਰਾਹੀ ਕਿਸਾਨਾਂ ਤੋਂ ਜ਼ਿਆਦਾ ਵਿਆਜ ਵਸੂਲਿਆ ਹੈ ਉਹ ਕਿਸਾਨਾਂ ਨੂੰ ਵਾਪਸ ਕੀਤਾ ਜਾਵੇ, ਜੇਕਰ ਬੈਂਕ ਕਰਮਚਾਰੀਆਂ ਵੱਲੋਂ ਅਜਿਹਾ ਨਾ ਕੀਤਾ ਗਿਆ ਤਾਂ ਉਹ ਪੂਰੇ ਪੰਜਾਬ ਦੇ ਪੰਜਾਬ ਨੈਸ਼ਨਲ ਬੈਂਕਾਂ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਉਣਗੇ। ਕਿਸਾਨਾਂ ਵੱਲੋਂ ਬੈਂਕ ਸਮੇਂ ਤਕ ਅਧਿਕਾਰੀਆਂ ਨੂੰ ਬੈਂਕ ਅੰਦਰ ਹੀ ਸ਼ਟਰ ਸੁੱਟ ਕੇ ਬੰਦੀ ਬਣਾਈ ਰੱਖਿਆ, ਜਦੋਂ ਬੈਂਕ ਦਾ ਸਮਾਂ ਖ਼ਤਮ ਹੋ ਗਿਆ ਤਾਂ ਕਿਸਾਨਾਂ ਵੱਲੋਂ ਬੈਂਕ ਕਰਮਚਾਰੀਆਂ ਨੂੰ ਸ਼ਟਰ ਖੋਲ ਕੇ ਧਰਨੇ ਨੂੰ ਇਕ ਵਾਰ ਚੁੱਕ ਦਿੱਤਾ ਗਿਆ।

ਖਾਤੇ ਪਰਾਣੇ ਖੁੱਲ੍ਹੇ ਹੋਣ ਕਾਰਨ ਆਈ ਦਿੱਕਤ : ਚੀਫ ਮੈਨੇਜਰ

ਜਦ ਇਸ ਪੂਰੇ ਮਾਮਲੇ ਸਬੰਧੀ ਬੈਂਕ ਦੇ ਚੀਫ਼ ਮੈਨੇਜਰ ਅੰਕਿਤ ਚੌਧਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੋ ਖਾਤੇ ਸਾਲ 2006-7 ਦੇ ਖੁੱਲ੍ਹੇ ਹੋਏ ਸਨ ਰਿਜ਼ਰਵ ਬੈਂਕ ਆਫ਼ ਇੰਡੀਆਂ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਪੁਰਾਣੇ ਸਿਸਟਮ ਤੋਂ ਜਦੋਂ ਖਾਤਿਆਂ ਨੂੰ ਨਵੇ ਸਿਸਟਮ ’ਚ ਤਬਦੀਲ ਕੀਤਾ ਤਾਂ ਉਸ ਸਮੇਂ ਇਹ ਗੜਬੜ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਪੂਰੇ ਭਾਰਤ ’ਚ ਹੀ ਹੋਇਆ ਹੈ। ਇਸ ਨੂੰ ਠੀਕ ਕਰਨ ਲਈ ਆਈ ਟੀ ਡਿਪਾਰਟਮੈਂਟ ਲੱਗਿਆ ਹੋਇਆ ਹੈ ਜੋ ਜਲਦੀ ਹੀ ਠੀਕ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਕਿਸਾਨਾਂ ਨਾਲ ਕੋਈ ਠੱਗੀ ਨਹੀਂ ਮਾਰੀ ਗਈ ਸਗੋਂ ਇਹ ਪੁਰਾਣੇ ਖੁੱਲ੍ਹੇ ਹੋਏ ਖ਼ਾਤਿਆਂ ’ਚ ਦਿੱਕਤ ਆਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News