ਥਰਮਲ ਪਲਾਂਟ ਨੂੰ ਲੈ ਕੇ ਵਿਧਾਇਕਾ ਬਲਜਿੰਦਰ ਨੇ ਮਨਪ੍ਰੀਤ ਬਾਦਲ ਦੇ ਦਫਤਰ ਕੋਲ ਕੀਤਾ ਧਰਨਾ ਪ੍ਰਦਰਸ਼ਨ

10/17/2020 3:15:14 PM

ਬਠਿੰਡਾ (ਕੁਨਾਲ ਬਾਂਸਲ): ਆਮ ਆਦਮੀ ਪਾਰਟੀ ਤੋਂ ਵਿਧਾਇਕ ਬਲਜਿੰਦਰ ਕੌਰ ਅਤੇ ਰੁਪਿੰਦਰ ਰੂਬੀ ਵਲੋਂ ਬਠਿੰਡਾ ਥਰਮਲ ਪਲਾਂਟ ਨੂੰ ਲੈ ਕੇ ਅੱਜ ਜ਼ਿਲ੍ਹੇ 'ਚ ਰੋਸ ਮਾਰਚ ਕੱਢਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਦੇ ਕੋਲ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਆਪ ਵਿਧਾਇਕਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਨਜ਼ਦੀਕੀਆਂ ਨੂੰ ਥਰਮਲ ਪਲਾਂਟ ਦੀ ਕਰੋੜਾਂ ਰੁਪਏ ਦੀ ਜਗ੍ਹਾ ਇਕ ਰੁਪਏ ਲੀਜ 'ਤੇ 33 ਸਾਲਾਂ ਦੇ ਲਈ ਦੇਣ ਦਾ ਫੈਸਲਾ ਕਰ ਚੁੱਕੀ ਹੈ, ਜਿਸ ਦਾ ਸਮਾਂ 33 ਸਾਲਾਂ ਤੋਂ ਵਧਾ ਕੇ 99 ਸਾਲ ਵੀ ਸਰਕਾਰ ਵਲੋਂ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਜੋ ਸਰਾਸਰ ਗਲ਼ਤ ਹੈ, ਜਿਸ ਦਾ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ। ਪੰਜਾਬ 'ਚ ਰੋਜ਼ਗਾਰ ਖ਼ਤਮ ਕਰਕੇ ਹੁਣ ਥਰਮਲ ਪਲਾਂਟ ਦੀ ਜਗ੍ਹਾ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਸਰਕਾਰ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕਰ ਰਹੀ ਹੈ ਪਰ ਹੁਣ ਤੱਕ ਸਰਕਾਰ ਨੇ ਪੰਜਾਬ 'ਚ ਰੋਜ਼ਗਾਰ ਖ਼ਤਮ ਕੀਤੇ ਹਨ। ਬੇਰੁਜ਼ਗਾਰਾਂ ਦੀ ਗਿਣਤੀ ਪੰਜਾਬ 'ਚ ਕਈ ਗੁਣਾਂ ਵੱਧ ਚੁੱਕੀ ਹੈ। 

ਆਉਣ ਵਾਲੀ 19 ਤਾਰੀਖ ਨੂੰ ਪੰਜਾਬ ਸਰਕਾਰ ਵਲੋਂ ਸ਼ਾਸਨ ਬੁਲਾਇਆ ਗਿਆ ਹੈ, ਜਿਸ 'ਤੇ ਬੋਲਦੇ ਹੋਏ ਆਪ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਮੰਗ ਕਰ ਰਹੀ ਸੀ ਕਿ ਸ਼ਾਸਨ 1 ਦਿਨ ਦਾ ਨਹੀਂ ਬਲਕਿ 7 ਦਿਨਾਂ ਦਾ ਹੋਣਾ ਚਾਹੀਦਾ ਹੈ। ਸ਼ਾਸਨ ਤੋਂ ਪਹਿਲਾਂ ਸਮੂਹ ਪਾਰਟੀ ਮੀਟਿੰਗ ਹੋਣੀ ਚਾਹੀਦੀ ਸੀ, ਜਿਸ 'ਚ ਕਿਸਾਨਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ। ਉਸ ਦੇ ਬਾਅਦ ਸ਼ਾਸਨ ਦੇ ਦੌਰਾਨ ਖੇਤੀਬਾੜੀ ਕਾਨੂੰਨ ਦੇ ਖ਼ਿਲਾਫ ਮਤਾ ਪਾਸ ਕਰਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾਵੇ ਪਰ ਕੈਪਟਨ ਸਰਕਾਰ ਵਲੋਂ 1 ਦਿਨ ਦਾ ਸ਼ਾਸਨ ਬੁਲਾ ਕੇ ਪੰਜਾਬ ਦੇ ਲੋਕਾਂ ਨੂੰ ਫ਼ਿਰ ਗੁੰਮਰਾਹ ਕੀਤਾ ਜਾ ਰਿਹਾ ਹੈ।

ਆਪ ਵਿਧਾਇਕਾ ਬਲਜਿੰਦਰ ਕੌਰ ਤੋਂ ਜਦੋਂ ਪੁੱਛਿਆ ਗਿਆ ਕਿ ਅੱਜ 2 ਵਿਧਾਇਕਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਵਰਕਰਾਂ ਦੀ ਗਿਣਤੀ ਇੰਨੀ ਘੱਟ ਕਿਉਂ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਹ ਕੱਤਕ ਦਾ ਮਹੀਨਾ ਹੈ ਲੋਕਾਂ ਨੂੰ ਬਹੁਤ ਕੰਮ ਹੁੰਦਾ ਹੈ। ਇਸ ਲਈ ਜ਼ਿਆਦਾ ਲੋਕ ਨਹੀਂ ਆ ਸਕੇ। ਇਸ ਮਹੀਨੇ 'ਚ ਤਾਂ ਜੇਕਰ ਕਿਸੇ ਘਰ 'ਚ ਬਜ਼ੁਰਗ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਪਰਿਵਾਰ ਵਾਲੇ ਵੀ ਕਹਿੰਦੇ ਹਨ ਕਿ ਕੱਤਕ ਦੇ ਮਹੀਨੇ ਬਾਅਦ ਹੀ ਸੰਸਕਾਰ ਕਰਨਗੇ।


Shyna

Content Editor

Related News