ਫਰਜ਼ੀ ਹੈ ਵਿਧਾਇਕ ਬਲਦੇਵ ਸਿੰਘ ਖਿਲਾਫ਼ ਸ਼ਿਕਾਇਤ ਵਾਪਸ ਲੈਣ ਦੀ ਅਰਜ਼ੀ : ਸਿਮਰਨਜੀਤ

01/11/2020 2:46:33 PM

ਚੰਡੀਗੜ੍ਹ (ਰਮਨਜੀਤ) : ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਖਿਲਾਫ਼ ਦਲ ਬਦਲੂ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਸ਼ਿਕਾਇਤ ਦੇਣ ਵਾਲੇ ਸਿਮਰਨਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਫਰਜ਼ੀ ਹਸਤਾਖਰ ਕਰ ਕੇ ਕਿਸੇ ਨੇ ਸ਼ਿਕਾਇਤ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਹੈ। ਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਿਆ, ਜਦੋਂ ਵਿਧਾਨਸਭਾ ਸਕੱਤਰੇਤ ਵਲੋਂ ਉਸ ਨੂੰ ਪੱਤਰ ਭੇਜ ਕੇ ਸ਼ਿਕਾਇਤ ਵਾਪਸੀ ਦਾ ਬਿਆਨ ਖੁਦ ਪੇਸ਼ ਹੋ ਕੇ ਦਰਜ ਕਰਵਾਉਣ ਲਈ ਕਿਹਾ। ਵਿਧਾਨਸਭਾ ਸਕੱਤਰ ਕੋਲ ਆਪਣੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਐੱਸ. ਐੱਸ. ਪੀ. ਚੰਡੀਗੜ੍ਹ ਨੂੰ ਸ਼ਿਕਾਇਤ ਦੇਣ ਪੁੱਜੇ ਸਿਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨਸਭਾ 'ਚ ਆਪਣਾ ਬਿਆਨ ਦਰਜ ਕਰਾ ਦਿੱਤਾ ਹੈ ਕਿ ਉਨ੍ਹਾਂ ਨੇ ਸ਼ਿਕਾਇਤ ਵਾਪਸ ਲੈਣ ਸਬੰਧੀ ਕੋਈ ਵੀ ਅਰਜ਼ੀ ਜਾਂ ਚਿੱਠੀ ਵਿਧਾਨ ਸਭਾ 'ਚ ਨਹੀਂ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ਜੋ ਸ਼ਿਕਾਇਤ ਵਾਪਸ ਲੈਣ ਲਈ ਅਰਜ਼ੀ ਦਿੱਤੀ ਗਈ ਹੈ, ਉਸ 'ਤੇ ਉਨ੍ਹਾਂ ਦੇ ਹਸਤਾਖਰਾਂ ਦੀ ਹੂ-ਬ-ਹੂ ਨਕਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਨਾ ਹੀ ਨਹੀਂ, ਉਨ੍ਹਾਂ ਦੇ ਆਧਾਰ ਕਾਰਡ ਨੂੰ ਵੀ ਤਸਦੀਕ ਕਰਨ ਲਈ ਉਨ੍ਹਾਂ ਦੇ ਫਰਜ਼ੀ ਹਸਤਾਖਰ ਕੀਤੇ ਗਏ ਹਨ। ਸਿਮਰਨਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਇਹ ਸਭ ਕੁਝ ਉਨ੍ਹਾਂ ਦੀ ਸ਼ਿਕਾਇਤ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕੀਤਾ ਗਿਆ ਹੈ।

Anuradha

This news is Content Editor Anuradha