ਬਲਬੀਰ ਸਿੰਘ ਸਿੱਧੂ ਦੇ ਯਤਨਾ ਸਦਕਾ ਮੋਹਾਲੀ ਸ਼ਹਿਰ ਦੀਆਂ ਮਾਰਕਿਟਾਂ ਦੀ ਨੁਹਾਰ ਬਦਲਣ ਦਾ ਕੰਮ ਜੰਗੀ ਪੱਧਰ ''ਤੇ ਜਾਰੀ

09/02/2020 5:14:28 PM

ਐਸ.ਏ.ਐਸ ਨਗਰ (ਪ੍ਰਦੀਪ) : ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਸ਼ਹਿਰ ਦੇ ਫ਼ੇਜ਼ 7 ਅਤੇ 10 ਦੀਆਂ ਮਾਰਕਿਟਾਂ 'ਚ ਕ੍ਰਮਵਾਰ 60.39 ਲੱਖ ਰੁਪਏ ਅਤੇ 66 ਲੱਖ ਰੁਪਏ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਨੀਂਹ ਪੱਥਰ ਰੱਖਣ ਮਗਰੋਂ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਫ਼ੇਜ਼ 1 ਤੋਂ ਲੈ ਕੇ ਫ਼ੇਜ਼ 11 ਅਤੇ ਸੈਕਟਰ 70 ਤੇ 71 ਦੀਆਂ ਸਾਰੀਆਂ ਮਾਰਕੀਟਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਅਤੇ ਨਵੀਨੀਕਰਨ ਸਣੇ ਸਮੁੱਚਾ ਕਾਇਆਕਲਪ ਕੀਤਾ ਜਾ ਰਿਹਾ ਹੈ ਜਿਸ 'ਤੇ ਛੇ ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਰਕੀਟਾਂ ਦੇ ਨਵੀਨੀਕਰਨ ਨਾਲ ਜਿਥੇ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ, ਉਥੇ ਦੁਕਾਨਦਾਰਾਂ ਅਤੇ ਖ਼ਰੀਦਦਾਰਾਂ ਨੂੰ ਵੀ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦਸਿਆ ਕਿ ਇਨ੍ਹਾਂ ਦੋਹਾਂ ਮਾਰਕੀਟਾਂ ਵਿਚ ਜਿਥੇ ਰੈਡ ਸਟੋਨ, ਲਾਈਟਾਂ, ਗਰਿੱਲਾਂ ਆਦਿ ਲਾਈਆਂ ਜਾਣਗੀਆਂ, ਉਥੇ ਇਨ੍ਹਾਂ ਨੂੰ ਹਰਿਆ-ਭਰਿਆ ਕਰਨ ਲਈ ਸੁੰਦਰ ਬੂਟੇ ਵੀ ਲਾਏ ਜਾਣਗੇ ।

ਸ. ਸਿੱਧੂ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਵੀਨੀਕਰਨ ਦਾ ਸਮੁੱਚਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ ਅਤੇ ਵਰਤੀ ਜਾਣ ਵਾਲੀ ਸਮੱਗਰੀ ਦਾ ਉੱਚ ਮਿਆਰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਕੁੱਝ ਮਾਰਕੀਟਾਂ ਦੇ ਨਵੀਨੀਕਰਨ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਜਿਸ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਚੁਕੀਆਂ ਹਨ। ਕਈ ਵਿਕਾਸ ਕਾਰਜ ਮੁਕੰਮਲ ਵੀ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀਆਂ ਮਾਰਕੀਟਾਂ ਦਾ ਕਾਇਆਕਲਪ ਕੀਤਾ ਜਾ ਰਿਹਾ ਹੈ ਤਾਕਿ ਬਾਜ਼ਾਰਾਂ ਵਿਚ ਆਉਣ-ਜਾਣ ਵਾਲੇ ਲੋਕਾਂ ਨੂੰ ਸੁੱਖ-ਸਹੂਲਤਾਂ ਮਿਲ ਸਕਣ। ਸਿਹਤ ਮੰਤਰੀ ਨੇ ਕਿਹਾ ਕਿ ਹਲਕਾ ਮੋਹਾਲੀ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ ਅਤੇ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾ ਰਹੀ ।

ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮਿਊਂਸਪਲ ਕਮਿਸ਼ਨਰ ਕਮਲ ਗਰਗ, ਐਸਸੀ ਮੁਕੇਸ਼ ਗਰਗ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਬਲਕਰਨ ਸਿੰਘ ਭਾਟੀ, ਟਿੰਕੂ ਆਨੰਦ, ਐਡਵੋਕੇਟ ਮਨਜੀਤ ਸਿੰਘ ਚੌਹਾਨ, ਗਗਨਦੀਪ ਸਿੰਘ ਧਾਰੀਵਾਲ, ਬਲਜੀਤ ਸਿੰਘ ਗਰੇਵਾਲ, ਅਮਨਪ੍ਰੀਤ ਸਿੰਘ ਵਿਕਟਰ, ਅਨਮੋਲ ਰਤਨ ਭੱਟੀ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਫ਼ੇਜ਼ 7 ਦੀ ਮਾਰਕੀਟ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ, ਕਰਨਲ ਰਣਜੀਤ ਸਿੰਘ ਬੋਪਾਰਾਏ, ਜਸਵਿੰਦਰ ਸ਼ਰਮਾ, ਨਿਰਮਲ ਸਿੰਘ ਕੰਗ, ਹਰਪ੍ਰੀਤ ਸਿੰਘ ਐਕਸੀਅਨ, ਅਵਨੀਤ ਕੌਰ ਐਕਸੀਅਨ, ਸਤੀਸ਼ ਸੈਣੀ ਐਕਸੀਅਨ, ਨੀਲਮ ਮਹਿਮੀ ਐਸਡੀਓ, ਪਵਨ ਕੁਮਾਰ ਜੇਈ ਤੋਂ ਇਲਾਵਾ ਸ਼ਹਿਰ ਵਾਸੀ ਅਤੇ ਹੋਰ ਪਤਵੰਤੇ ਮੌਜੂਦ ਸਨ।


Shyna

Content Editor

Related News