ਅਸਮਾਨੀ ਬਿਜਲੀ ਡਿੱਗਣ ਨਾਲ ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ
05/10/2020 7:13:51 PM
ਮਲੋਟ, (ਗੋਇਲ)— ਸਥਾਨਕ ਐੱਫ.ਸੀ.ਆਈ. ਦੇ ਗੋਦਾਮ ਵਿਚ ਪਈਆਂ ਕਣਕ ਦੀਆਂ ਬੋਰੀਆਂ 'ਤੇ ਅਸਮਾਨੀ ਬਿਜਲੀ ਡਿੱਗਣ ਕਰ ਕੇ ਕਣਕ ਦੀਆਂ ਕਈ ਬੋਰੀਆਂ ਅੱਗ ਦੀ ਲਪੇਟ ਵਿਚ ਆਉਣ ਕਰ ਕੇ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ, ਪਰ ਇਸ ਹਾਦਸੇ ਵਿਚ ਜਾਨੀ ਨੁਕਸਨ ਦਾ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਬਾਰਸ਼ ਦੇ ਦੌਰਾਨ ਅਸਮਾਨੀ ਬਿਜਲੀ ਪੰਜਾਬ ਪੈਲੇਸ ਦੇ ਬੈਕਸਾਈਡ ਸਥਿਤ ਐੱਫ.ਸੀ.ਆਈ. ਦੇ ਗੋਦਾਮ ਵਿਚ ਪਲਾਸਟਿਕ ਦੀਆਂ ਤਰਪਾਲਾਂ ਹੇਠ ਢੱਕੀਆਂ ਕਣਕ ਦੀਆਂ ਬੋਰੀਆਂ 'ਤੇ ਡਿੱਗ ਜਾਣ ਕਰ ਕੇ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗ ਗਈ। ਇਸ ਘਟਨਾ ਬਾਰੇ ਪਤਾ ਲੱਗਣ ਤੇ ਐੱਫ.ਸੀ.ਆਈ. ਦੇ ਹਾਜ਼ਰ ਕਰਮਚਾਰੀਆਂ ਵਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਅਤੇ ਉਨ੍ਹਾਂ ਵਲੋਂ ਮੌਕੇ ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਐੱਫ.ਸੀ.ਆਈ. ਦੇ ਕਰਮਚਾਰੀ ਚੰਦਨ ਨੇ ਦੱਸਿਆ ਕਿ ਇਸ ਅੱਗ ਕਾਰਣ ਕਈ ਕਣਕ ਦੀਆਂ ਬੋਰੀਆਂ ਸੜ ਚੁੱਕੀਆਂ ਹਨ ਅਤੇ ਸੜ ਚੁੱਕੀਆਂ ਕਣਕ ਦੀਆਂ ਬੋਰੀਆਂ ਦੀ ਗਿਣਤੀ ਕੀਤੀ ਜਾ ਰਹੀ ਹੈ।