ਫੌਜੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਪਿੰਡ ਵਾਸੀਆਂ ਵਲੋਂ ਬਾਘਾਪੁਰਾਣਾ-ਮੁੱਦਕੀ ਹਾਈਵੇ ਜਾਮ

07/24/2020 8:04:57 PM

ਨੱਥੂਵਾਲਾ ਗਰਬੀ,(ਰਾਜਵੀਰ)- ਨਜ਼ਦੀਕੀ ਪਿੰਡ ਹਰੀਏਵਾਲਾ ਦੇ ਪਿਛਲੇ ਦਿਨੀਂ ਸਵਰਗਵਾਸ ਹੋਏ ਫੌਜੀ ਜਸਵਿੰਦਰ ਸਿੰਘ ਪੁੱਤਰ ਜਗੀਰ ਸਿੰਘ (50 ਸਾਲ) ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਵਾਸਤੇ ਪਿੰਡ ਹਰੀਏਵਾਲਾ ਦੇ ਲੋਕਾਂ ਨੇ ਅੱਜ ਵੱਡੀ ਗਿਣਤੀ 'ਚ ਕਰੀਬ ਚਾਰ ਘੰਟੇ ਬਾਘਾਪੁਰਾਣਾ–ਮੁੱਦਕੀ (ਹਰੀਏਵਾਲਾ ਅੱਡਾ) ਹਾਈਵੇ 'ਤੇ ਧਰਨਾ ਲਗਾ ਕੇ ਰੋਡ ਜਾਮ ਕੀਤਾ ।
ਇਸ ਮੌਕੇ 'ਪੰਜਾਬ ਪੁਲਿਸ ਮੁਰਦਾਬਾਦ' ਅਤੇ 'ਜਸਵਿੰਦਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ' ਦੇ ਨਾਅਰੇ ਲਗਦੇ ਰਹੇ। ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਦੀ 25 ਤਰੀਕ ਨੂੰ ਮ੍ਰਿਤਕ ਜਸਵਿੰਦਰ ਸਿੰਘ ਦੀ ਲਾਸ਼ ਉਨ੍ਹਾਂ ਦੇ ਖੇਤ ਪਾਣੀ ਵਾਲੇ ਚੁਬੱਚੇ 'ਚੋਂ ਮਿਲੀ ਸੀ। ਜਿਸ ਦੇ ਸਿਰ ਅਤੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ । ਇਸ ਦੀ ਇਤਲਾਹ ਪਿੰਡ ਵਾਸੀਆਂ ਵੱਲੋਂ ਪੰਜਾਬ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਤੋਂ ਖਫਾ ਪਿੰਡ ਵਾਸੀਆਂ ਨੇ ਸਰਪੰਚ ਜੱਜ ਸਿੰਘ ਅਤੇ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਧਰਨਾ ਲਗਾ ਕੇ ਰੋਡ ਜਾਮ ਕੀਤਾ। ਪਰਿਵਾਰਕ ਮੈਬਰਾਂ ਨੇ ਸ਼ਰੇਆਮ ਪਿੰਡ ਦੇ ਕੁਝ ਵਸਨੀਕਾਂ ਦਾ ਨਾਮ ਲੈ ਕੇ ਕਿਹਾ ਕਿ ਜਸਵਿੰਦਰ ਸਿੰਘ ਦਾ ਕਤਲ ਉਨ੍ਹਾਂ ਨੇ ਕੀਤਾ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਇਹ ਕਦਮ ਚੁੱਕਣਾ ਪਿਆ ਹੈ।

ਧਰਨੇ ਦੌਰਾਨ ਹੀ ਡੀ. ਐਸ. ਪੀ. ਮਨਜੀਤ ਸਿੰਘ ਢੇਸੀ, ਐਸ. ਐਚ. ਓ. ਕੁਲਵਿੰਦਰ ਸਿੰਘ ਸਮਾਲਸਰ, ਐਸ. ਐਚ. ਓ. ਹਰਮਨਜੀਤ ਸਿੰਘ ਬਾਘਾਪੁਰਾਣਾ ਸਮੇਤ ਪੁਲਿਸ ਪਾਰਟੀ ਧਰਨੇ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਧਰਨਾਕਾਰੀਆਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ । ਉਨ੍ਹਾਂ ਨੇ ਧਰਨਾਕਾਰੀਆਂ ਤੋਂ ਪੰਜ ਦਿਨਾਂ ਦਾ ਸਮਾਂ ਮੰਗਿਆਂ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ । ਭਰੋਸੇ ਤੋਂ ਬਾਅਦ ਇੱਕ ਵਾਰ ਬੇਸ਼ੱਕ ਧਰਨਾ ਚੁੱਕ ਲਿਆ ਗਿਆ ਪਰ ਪਿੰਡ ਵਾਸੀਆ ਦਾ ਕਹਿਣਾ ਹੈ ਕਿ ਜੇਕਰ ਪੰਜ ਦਿਨਾਂ 'ਚ ਪੁਲਿਸ ਨੇ ਪਰਚਾ ਦਰਜ਼ ਕਰਕੇ ਦੋਸੀ ਗ੍ਰਿਫਤਾਰ ਨਾ ਕੀਤੇ ਤਾ ਉਹ ਬਾਘਾਪੁਰਾਣਾ ਦੇ ਮੇਨ ਚੌਕ 'ਚ ਧਰਨਾ ਲਗਾਉਣ ਵਾਸਤੇ ਮਜ਼ਬੂਰ ਹੋਣਗੇ।

Deepak Kumar

This news is Content Editor Deepak Kumar