ਜ਼ੀਰੋ ’ਤੇ ਆਇਆ ਪਾਰਾ, ਕਿਸਾਨਾਂ ਲਈ ਸੁਆਣੀਆਂ ਫਿਰ ਵੀ ਬਣੀਆਂ ਵੱਡਾ ਸਹਾਰਾ

12/29/2020 12:33:52 PM

ਬਾਘਾ ਪੁਰਾਣਾ (ਚਟਾਨੀ): ਜ਼ੀਰੋ ਡਿਗਰੀ ਤਾਪਮਾਨ ’ਚ ਹੱਕੀ ਸੰਘਰਸ਼ਾਂ ਰਾਹੀਂ  ਹੱਕ ਲੈਣ ਲਈ ਲੜਾਈ ਲੜ ਰਹੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਅਨੇਕਾਂ ਵਰਗਾਂ ਦੇ ਲੋਕਾਂ ਦੇ ਸੰਘਰਸ਼ ਨੂੰ ਮਘਾਉਣ ’ਚ ਘਰਾਂ ਦੀਆਂ ਸੁਆਣੀਆਂ ਵੀ ਹਿੱਕ ਡਾਹ ਕੇ ਖੜੀਆਂ ਹਨ। ਚੁੱਲ੍ਹੇ ਚੌਂਕਿਆਂ ਅਤੇ ਪਸ਼ੂ ਢਾਂਡਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਇਹ ਸੁਆਣੀਆਂ ਧਰਨਿਆਂ ’ਚ ਗੂੰਜ ਰਹੀਆਂ ਹਨ। ਧਰਨਿਆਂ ’ਚ ਆਗੂਆਂ ਦੀਆਂ ਤਕਰੀਰਾਂ ਅਤੇ ਅਕਾਸ਼ ਗੂੰਜਾਉਂਦੇ ਨਾਅਰਿਆਂ ’ਚ ਹੋਣ ਵਾਲੀਆਂ ਜਨਾਨੀਆਂ ਆਪਣੇ ਪਰਿਵਾਰਕ ਮੈਂਬਰਾਂ ਲਈ ਕੋਟੀਆਂ, ਸਵੈਟਰ ਵੀ ਧਰਨਿਆਂ ’ਚ ਬੈਠੀਆਂ ਹੀ ਬੁਣਦੀਆਂ ਹਨ। ਓਧਰ ਕਈ ਜਨਾਨੀਆਂ ਅਜਿਹੀਆਂ ਵੀ ਹਨ ਜੋ ਘਰਾਂ ਦੀਆਂ ਅਨੇਕਾਂ ਜ਼ਿੰਮੇਵਾਰੀਆਂ ਸੰਭਾਲਣ ਤੋਂ ਬਾਅਦ ਖੇਤਾਂ ’ਚ ਕਣਕ ਨੂੰ ਪਾਣੀ ਲਾਉਣ ਦਾ ਕਾਰਜ ਵੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਦੁਖਦ ਖ਼ਬਰ: ਚੰਗੇ ਭਵਿੱਖ ਲਈ ਕੈਨੇਡਾ ਗਏ ਮਾਪਿਆ ਦੇ ਇਕਲੌਤੇ ਪੁੱਤ ਦੀ ਹਾਦਸੇ ’ਚ ਮੌਤ

ਮੋਦੀ ਸਰਕਾਰ ਵਲੋਂ ਬਣਾਏ ਗਏ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਕਾਨੂੰਨ ਦੱਸਦੀਆਂ ਇਨ੍ਹਾਂ ਸੁਆਣੀਆਂ ਦਾ ਕਹਿਣਾ ਹੈ ਕਿ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਅੰਦਰ ਡਟੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੇਕਰ ਉਥੇ ਬੈਠੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਨਾਕਾਮ ਬਨਾਉਣ ਲਈ ਬੁਣਤਰਾਂ ਬੁਣ ਰਹੇ ਹਨ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਠੰਡ ’ਚ ਬੈਠੇ ਆਪਣੇ ਪਤੀ, ਪੁੱਤਰਾਂ ਲਈ ਸਵੈਟਰ ਬੁਣ ਕੇ ਭੇਜੀਏ। ਇਕ ਸਕੂਲੀ ਅਧਿਆਪਕਾਂ ਸਾਹਿਲਪ੍ਰੀਤ ਕੌਰ ਬਰਾੜ ਜੋ ਕਿ ਆਪਣੇ ਖੇਤ ਨੂੰ ਪਾਣੀ ਲਾ ਰਹੀ ਸੀ, ਨੇ ਕਿਹਾ ਕਿ ਉਸ ਦਾ ਪਤੀ ਅਤੇ ਹੋਰ ਪਰਿਵਾਰਕ ਮੈਂਬਰ ਦਿੱਲੀ ਧਰਨੇ ’ਚ ਹਨ ਅਤੇ ਉਹ ਸਕੂਲ ਵਿਚਲੀ ਡਿਊਟੀ ਉਪਰੰਤ ਕਣਕ ਨੂੰ ਪਾਣੀ ਲਾਉਣ ਦਾ ਕਾਰਜ ਕਰ ਕੇ ਇਕ ਤਰ੍ਹਾਂ ਨਾਲ ਕਿਸਾਨੀ ਧਰਨੇ ’ਚ ਆਪਣੀ ਸ਼ਮੂਲੀਅਤ ਦਰਜ ਕਰਵਾ ਰਹੀ ਹੈ। ਇਸ ਨਾਲ ਉਸ ਨੂੰ ਮਾਨਸਿਕ ਸਕੂਨ ਮਿਲ ਰਿਹਾ ਹੈ। ਜਨਾਨੀਆਂ ਦੀ ਅਜਿਹੀ ਦਿ੍ਰੜਤਾ, ਸਿਰੜ, ਹੱਠ ਅਤੇ ਮਿਹਨਤ ਸੰਘਰਸ਼ ਨੂੰ ਸਿੱਖਰਾਂ ਤੱਕ ਪੁੱਜਦਾ ਕਰਨ ਲਈ ਸਹਾਈ ਸਿੱਧ ਹੋ ਰਹੀ ਹੈ।

ਇਹ ਵੀ ਪੜ੍ਹੋ : ਸਾਲ 2020 ’ਚ ਗੁਰੂ ਦੀ ਨਗਰੀ ਨੂੰ ਦੁੱਖ ਭਰੇ ਦਿਨ ਦੇਖਣ ਨੂੰ ਮਿਲੇ


Baljeet Kaur

Content Editor

Related News