‘84 ’ਚ ਸਿੱਖਾਂ ਬਾਰੇ ਕੂੜ-ਪ੍ਰਚਾਰ ਕਰਨ ਵਾਲੇ ਅਮਿਤਾਭ ਦੀ ਪ੍ਰਸ਼ੰਸਾ ਕਰਨ ’ਤੇ ਬਾਦਲ ਦਾ ਘਿਨੌਣਾ ਚਿਹਰਾ ਹੋਇਆ ਨੰਗਾ’

05/13/2021 5:45:57 PM

ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ)-ਅੱਜ ਪੰਥਕ ਅਕਾਲੀ ਲਹਿਰ ਦੀ ਇੱਕ ਵਿਸ਼ੇਸ਼ ਮੀਟਿੰਗ  ਐੱਸ. ਜੀ. ਪੀ. ਸੀ. ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਸ੍ਰੀ ਫਤਿਹਗੜ੍ਹ ਸਾਹਿਬ ਹਾਲ ਵਿਖੇ ਹੋਈ। ਇਸ ਮੀਟਿੰਗ ’ਚ ਪੰਥਕ ਅਕਾਲੀ ਲਹਿਰ ਦੇ ਸਰਪ੍ਰਸਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਭਾਈ ਰਣਜੀਤ ਸਿੰਘ ਨੇ ਅਕਾਲੀ ਦਲ ਬਾਦਲ ਵੱਲੋਂ ਚੋਣਾਂ ਦੌਰਾਨ ਹਮੇਸ਼ਾ ਹੀ 1984 ਸਿੱਖ ਕਤਲੇਆਮ ਦੀਆਂ ਗੱਲਾਂ ਕਰ ਕੇ ਪੰਥ ਦੇ ਹਿਤੈਸ਼ੀ ਹੋਣ ਦੀ ਗੱਲ ਆਖ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ।

ਅੱਜ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਗਏ ਕੋਰੋਨਾ ਸੈਂਟਰ ਲਈ 1984 ਸਿੱਖ ਕਤਲੇਆਮ ਦੌਰਾਨ ਸਿੱਖਾਂ ਬਾਰੇ ਕੂੜ-ਪ੍ਰਚਾਰ ਕਰਨ ਵਾਲੇ ਬਾਲੀਵੁੱਡ ਦੇ ਅਦਾਕਾਰ ਅਮਿਤਾਭ ਬੱਚਨ ਵੱਲੋਂ ਦੋ ਕਰੋੜ ਦੀ ਮਦਦ ਕਰਨ ’ਤੇ ਬਾਦਲ ਵੱਲੋਂ ਅਮਿਤਾਭ ਬੱਚਨ ਦੀ ਪ੍ਰਸ਼ੰਸਾ ਕਰਨ ਨਾਲ ਅਕਾਲੀ ਦਲ ਬਾਦਲ ਦਾ ਘਿਨੌਣਾ ਚਿਹਰਾ ਸਿੱਖ ਸੰਗਤ ਸਾਹਮਣੇ ਨੰਗਾ ਹੋਇਆ ਹੈ ਤੇ ਇਹ ਮਦਦ ਲੈਣ ਨਾਲ ਸਿੱਖਾਂ ਦੇ ਜ਼ਖ਼ਮ ਵੀ ਹਰੇ ਹੋਏ ਹਨ।ਇਸ ਤੋਂ ਇਲਾਵਾ ਭਾਈ ਰਣਜੀਤ ਸਿੰਘ ਨੇ ਬੇਅਦਬੀ ਮਾਮਲਿਆਂ ਸਬੰਧੀ ਬਣਾਈ ਸਿੱਟ ’ਤੇ ਬੋਲਦਿਆਂ ਕਿਹਾ ਕਿ ਇਹ ਸਿੱਟ ਬਾਦਲ ਪਰਿਵਾਰ ਨੂੰ ਬਚਾਉਣ ਲਈ ਬਣਾਈ ਗਈ ਹੈ, ਜਦਕਿ ਦੋਸ਼ੀਆਂ ਦੀ ਪਛਾਣ ਪਹਿਲਾਂ ਹੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਏਜੰਟ ਕਿਹਾ ਗਿਆ ਹੈ ਪਰ ਅੱਜ ਬਾਦਲ ਪਰਿਵਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਸਬੰਧ ਕਾਂਗਰਸ ਪਾਰਟੀ ਦੇ ਨਾਲ ਸ਼ੁਰੂ ਤੋਂ ਹੀ ਹਨ ਤੇ ਬਾਦਲ ਪਰਿਵਾਰ ਆਪਣੇ ਖਾਣ ਵਾਲੇ ਦੰਦ ਹੋਰ ਅਤੇ ਦਿਖਾਉਣ ਵਾਲੇ ਦੰਦ ਹੋਰ ਵਿਖਾ ਕੇ ਕੌਮ ਨੂੰ ਗੁੰਮਰਾਹ ਕਰ ਰਹੇ ਹਨ।
 

Manoj

This news is Content Editor Manoj