ਬਾਦਲ ਦੇ ਕਤਲ ਦੀ ਸਾਜ਼ਿਸ਼ ਦਾ ਮੁਲਜ਼ਮ ਜਰਮਨ ਬੀਕਾਨੇਰ ’ਚੋਂ ਕਾਬੂ

10/19/2018 7:41:21 AM

 ਚੰਡੀਗਡ਼੍ਹ/ਪਟਿਅਾਲਾ, (ਰਮਨਜੀਤ, ਬਲਜਿੰਦਰ)-  ਯੂ. ਪੀ. ਪੁਲਸ ਵੱਲੋਂ ਸ਼ਾਮਲੀ ’ਚ ਫਡ਼ੇ ਗਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਰਚਣ  ਦੇ ਮੁਲਜ਼ਮਾਂ ਦਾ ਪੰਜਾਬ ’ਚ ਰਹਿਣ ਵਾਲਾ ਸਾਥੀ ਜਰਮਨ ਸਿੰਘ ਪੰਜਾਬ ਪੁਲਸ ਨੇ ਕਾਬੂ ਕਰ ਲਿਆ ਹੈ। ਪਤਾ  ਲੱਗਾ ਕਿ ਯੂ. ਪੀ. ਪੁਲਸ ਵੱਲੋਂ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਤੋਂ ਬਾਅਦ ਪੰਜਾਬ ਪੁਲਸ ਨੇ ਜਰਮਨ ਦੇ ਸੰਭਾਵਿਤ ਟਿਕਾਣਿਆਂ ਨੂੰ ਛਾਣਨਾ ਸ਼ੁਰੂ ਕਰ ਦਿੱਤਾ ਸੀ। ਪੁਲਸ ਨੂੰ ਉਕਤ ਮੁਲਜ਼ਮ ਰਾਜਸਥਾਨ ਦੇ ਬੀਕਾਨੇਰ ਤੋਂ ਕਾਬੂ ਆ ਗਿਆ ਹੈ।  


ਉੱਤਰ ਪ੍ਰਦੇਸ਼ ਦੀ ਸ਼ਾਮਲੀ ਪੁਲਸ ਵੱਲੋਂ ਇਸ ਸਾਜ਼ਿਸ਼ ਦਾ ਖੁਲਾਸਾ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲਸ ਦੀ ਟੀਮ ਹਥਿਆਰਾਂ ਨਾਲ ਫਡ਼ੇ ਗਏ ਮੁਲਜ਼ਮਾਂ ਦੀ ਪੁੱਛਗਿੱਛ ’ਚ ਸ਼ਾਮਲ ਹੋਈ ਸੀ। ਇਸ ਦੌਰਾਨ ਹਾਸਲ ਹੋਈ ਜਾਣਕਾਰੀ ਨੂੰ ਇੰਟੈਲੀਜੈਂਸ ਵਿੰਗ ਵੱਲੋਂ ਜਾਂਚਿਆ ਗਿਆ ਅਤੇ ਉਸਦੇ ਆਧਾਰ ’ਤੇ ਜਰਮਨ ਸਿੰਘ ਦੀ ਭਾਲ ਲਈ ਦੋ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਜਰਮਨ ਦੇ ਪੰਜਾਬ ’ਚ ਸਾਰੇ ਸੰਭਾਵੀ ਟਿਕਾਣਿਆਂ ਨੂੰ  ਫਰੋਲਿਅਾ ਗਿਅਾ। ਇਸ ਦੌਰਾਨ ਪਤਾ ਲੱਗਾ ਕਿ ਜਰਮਨ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਦਾ ਪਤਾ  ਲੱਗਣ  ਮਗਰੋਂ  ਪੰਜਾਬ ਤੋਂ ਭੱਜ ਗਿਆ ਸੀ ਪਰ ਪੰਜਾਬ ਪੁਲਸ ਦੀਆਂ ਦੋਵੇਂ ਟੀਮਾਂ ਉਸਨੂੰ ਲੱਭਦੇੇ ਹੋਏ ਰਾਜਸਥਾਨ  ਦੇ ਬੀਕਾਨੇਰ ਪਹੁੰਚ ਗਈਆਂ, ਜਿੱਥੋਂ ਉਸਨੂੰ ਵੀਰਵਾਰ ਦੇਰ ਸ਼ਾਮ ਕਾਬੂ ਕਰ ਲਿਆ ਗਿਆ ਹੈ।  ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਮੁਲਜ਼ਮ ਨੂੰ ਪੁੱਛਗਿੱਛ ਲਈ ਪੰਜਾਬ ਲਿਅਾਂਦਾ ਜਾ ਰਿਹਾ ਹੈ ਅਤੇ ਇਸਦੀ ਸੂਚਨਾ ਯੂ. ਪੀ. ਪੁਲਸ ਨੂੰ ਵੀ ਦੇ ਦਿੱਤੀ ਗਈ ਹੈ।  
 ਜਾਣਕਾਰੀ  ਅਨੁਸਾਰ  ਅੱਤਵਾਦੀ  ਕਾਰਵਾਈਅਾਂ ’ਚ  ਮੁਲਜ਼ਮ ਜਰਮਨ ਦੇ ਤਿੰਨ ਸਾਥੀ ਪਿਛਲੇ ਦਿਨੀਂ ਯੂ. ਪੀ.  ਦੇ ਸ਼ਾਮਲੀ ਤੋਂ ਫਡ਼ੇ ਗਏ ਸਨ।  ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਅਕਾਲੀ ਦਲ ਦੀ ਪਟਿਆਲਾ ਰੈਲੀ ਦੌਰਾਨ ਪੰਜਾਬ  ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀ। ਇਸ ਲਈ ਉਨ੍ਹਾਂ ਨੇ ਯੂ. ਪੀ. ਪੁਲਸ ਦੀ ਪੁਲਸ ਚੌਕੀ ’ਤੇ ਹਮਲਾ ਕਰ ਕੇ ਸਰਕਾਰੀ ਹਥਿਆਰ ਲੁੱਟੇ ਸਨ।


Related News