ਬੀ. ਐੱਮ. ਡਬਲਿਊ. ਕਾਰ ’ਚ ਲਡ਼ਕੀ ਦੇ ਨਾਲ ਬੈਠੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

01/13/2019 7:04:30 AM

ਮੋਹਾਲੀ, (ਕੁਲਦੀਪ)- ਫੇਜ਼-7 ਵਿਚ ਸ਼ੁੱਕਰਵਾਰ ਦੀ ਦੇਰ ਰਾਤ ਇਕ ਬੀ. ਐੱਮ. ਡਬਲਿਊ. ਕਾਰ ਵਿਚ ਲਡ਼ਕੀ ਦੇ ਨਾਲ ਬੈਠਾ ਨੌਜਵਾਨ ਪਿਸਤੌਲ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਜ਼ਖ਼ਮੀ  ਦਾ ਨਾਮ ਸਰਬਜੀਤ ਸਿੰਘ ਦੱਸਿਆ ਜਾਂਦਾ ਹੈ, ਜੋ ਕਿ ਮੂਲ ਰੂਪ ਵਿਚ ਜ਼ਿਲਾ ਸੰਗਰੂਰ ਦੇ ਧੂਰੀ ਖੇਤਰ ਦਾ ਰਹਿਣ ਵਾਲਾ ਹੈ ਅਤੇ ਇਥੇ ਸੰਨੀ ਇਨਕਲੇਵ ਖਰਡ਼ ਵਿਚ ਰਹਿੰਦਾ ਹੈ। ਪਤਾ ਲੱਗਾ ਹੈ ਕਿ ਉਹ ਜਿੰਮਾਂ ਵਿਚ ਸਪਲੀਮੈਂਟ ਆਦਿ  ਸਪਲਾਈ ਕਰਦਾ ਹੈ। 
 ਪੁਲਸ ਸੂਤਰਾਂ ਮੁਤਾਬਕ ਸ਼ੁੱਕਰਵਾਰ ਦੀ ਰਾਤ 12 ਵਜੇ  ਸਰਬਜੀਤ ਸਿੰਘ ਆਪਣੀ ਬੀ. ਐੱਮ. ਡਬਲਿਊ. ਕਾਰ ਵਿਚ ਕਿਸੇ ਲਡ਼ਕੀ ਦੇ ਨਾਲ ਬੈਠਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਹ ਕਾਰ ਵਿਚ ਬੈਠਾ ਸ਼ਰਾਬ ਪੀ ਰਿਹਾ ਸੀ ਤੇ ਲਡ਼ਕੀ ਨੂੰ ਆਪਣੇ ਨਾਲ ਜਾਣ ਲਈ ਕਹਿ ਰਿਹਾ ਸੀ। ਲਡ਼ਕੀ ਵਲੋਂ ਉਸ ਦੇ ਨਾਲ ਜਾਣ ਤੋਂ ਇਨਕਾਰ ਕੀਤੇ ਜਾਣ ਤੋਂ ਨਾਰਾਜ਼ ਹੋ ਕੇ ਉਸ ਨੇ ਆਪਣੀ ਪਿਸਤੌਲ ਨਾਲ ਹੀ ਖੁਦ ਨੂੰ ਗੋਲੀ ਮਾਰ ਲਈ। ਪਤਾ ਲੱਗਾ ਹੈ ਕਿ ਉਸ ਦੇ ਪੱਟ ਵਿਚ ਗੋਲੀ ਲੱਗੀ ਹੈ। 
ਲਡ਼ਕੀ ਨੇ ਦੋਸਤਾਂ ਨੂੰ ਫੋਨ ’ਤੇ ਦਿੱਤੀ ਸੂਚਨਾ 
 ਉਸ ਦੇ ਨਾਲ ਕਾਰ ਵਿਚ ਬੈਠੀ ਲਡ਼ਕੀ ਨੇ ਉਸ ਦੇ ਦੋਸਤਾਂ ਨੂੰ ਫੋਨ ’ਤੇ ਉਸ ਦੇ ਜ਼ਖ਼ਮੀ ਹੋਣ ਬਾਰੇ ਸੂਚਨਾ ਦਿੱਤੀ। ਉਸ ਦੇ ਦੋਸਤਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਫੇਜ਼-8 ਸਥਿਤ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾ ਦਿੱਤਾ। ਹਸਪਤਾਲ ਤੋਂ ਮਟੌਰ ਪੁਲਸ ਨੂੰ ਸੂਚਿਤ ਕੀਤਾ ਗਿਆ। 
 ਪੁਲਸ ਵਲੋਂ ਜ਼ਖ਼ਮੀ ਸਰਬਜੀਤ ਸਿੰਘ ਦੇ ਬਿਆਨ ਦਰਜ ਕੀਤੇ ਜਾਣੇ ਹਨ ਪਰ ਫਿਲਹਾਲ ਉਹ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ।  ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ। 
 -ਦਲਜੀਤ ਸਿੰਘ ਐੱਸ. ਐੱਚ. ਓ. ਥਾਣਾ ਮਟੌਰ।