ਆਲੇ ਦੁਆਲੇ ਦੀ ਸਾਫ਼ ਸਫ਼ਾਈ ਰੱਖਣ ਲਈ ਔਰਤਾਂ ਨੇ ਕੱਢੀ ਜਾਗਰੂਕਤਾ ਰੈਲੀ

07/19/2018 7:27:42 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਸੁਖਪਾਲ) - ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਸਵੱਛ ਭਾਰਤ ਅਭਿਆਨ ਤਹਿਤ ਨਹਿਰੂ ਯੁਵਾ ਕੇਂਦਰ ਦੇ ਜ਼ਿਲਾ ਯੂਥ ਕੁਆਰਡੀਨੇਟਰ ਸਰਬਜੀਤ ਬੇਦੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ ਮੁਕਤੀਸਰ ਵੈੱਲਫੇਅਰ ਕਲੱਬ ਅਤੇ ਨਹਿਰੂ ਯੁਵਾ ਕੇਂਦਰ ਨੇ ਸਥਾਨਕ ਕੋਟਲੀ ਰੋਡ, ਗਾਰਡਨ ਕਾਲੋਨੀ ਅਤੇ ਗੋਲਡਨ ਬਸਤੀ ਵਿਖੇ ਸਾਫ ਸਫਾਈ ਰੱਖਣ ਲਈ ਕੱਢੀ, ਜਿਸ 'ਚ ਵੱਡੀ ਗਿਣਤੀ 'ਚ ਔਰਤਾਂ ਨੇ ਭਾਗ ਲਿਆ। ਇਸ ਰੈਲੀ ਨੂੰ ਹਰੀ ਝੰਡੀ ਦੇਣ ਦੀ ਰਸਮ ਦੀਪਾਲੀ ਗਿਰਧਰ ਅਤੇ ਕਾਂਤਾ ਰਾਣੀ ਨੇ ਨਿਭਾਈ। 
ਇਸ ਦੌਰਾਨ ਸੰਬੋਧਨ ਕਰਦਿਆਂ ਮੈਡਮ ਦੀਪਾਲੀ ਗਿਰਧਰ ਨੇ ਕਿਹਾ ਕਿ ਸਮਾਜ 'ਚ ਹਰੇਕ ਵਿਅਕਤੀ ਨੂੰ ਸਵੱਛ ਭਾਰਤ ਮੁਹਿੰਮ ਤਹਿਤ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ। ਸਾਫ ਸਫਾਈ ਰੱਖਣ ਜਾਂ ਕਰਨ 'ਚ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਮ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿੱਥੇ ਜ਼ਿਆਦਾ ਸਫਾਈ ਹੋਵੇਗੀ, ਉਥੇ ਬਿਮਾਰੀਆਂ ਹੋਣ ਦਾ ਖਤਰਾ ਘੱਟ ਜਾਵੇਗਾ। ਸੰਸਥਾ ਦੇ ਪ੍ਰਧਾਨ ਜਸਪ੍ਰੀਤ ਛਾਬੜਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਸਵੱਛ ਭਾਰਤ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਹਰੇਕ ਵਿਅਕਤੀ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਫ਼ਾਈ ਅਭਿਆਨ 'ਚ ਸਹਿਯੋਗ ਦੇਣਾ ਚਾਹੀਦਾ ਹੈ। 
ਅੰਤ ਵਿਚ ਮੈਡਮ ਕਾਂਤਾ ਰਾਣੀ ਨੇ ਕਿਹਾ ਕਿ ਔਰਤਾਂ ਨੂੰ ਸਫਾਈ ਅਭਿਆਨ ਵੱਲ ਸਭ ਤੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਅਤੇ ਹਰੇਕ ਔਰਤ ਨੂੰ ਆਪਣੇ ਘਰ ਦੀ ਸਫਾਈ ਦੇ ਨਾਲ-ਨਾਲ ਆਪਣਾ ਆਲਾ ਦੁਆਲਾ ਵੀ ਸਾਫ ਰੱਖਣਾ ਚਾਹੀਦਾ ਹੈ। ਸੜਕਾਂ 'ਤੇ ਕੂੜਾ ਸੱਟਣ ਦੀ ਬਜਾਏ ਉਸ ਨੂੰ ਕੂੜੇਦਾਨ 'ਚ ਪਾਉਣਾ ਚਾਹੀਦਾ ਹੈ।