ਰੰਜਿਸ਼ ਕਾਰਣ ਸਾਥੀਆਂ ਸਮੇਤ ਦੁਕਾਨ ’ਚ ਦਾਖਲ ਹੋ ਕੇ ਕੀਤਾ ਹਮਲਾ, 1 ਕਾਬੂ

09/19/2019 12:18:19 AM

ਲੁਧਿਆਣਾ, (ਰਾਮ)- ਪੁਰਾਣੀ ਰੰਜਿਸ਼ ਕਾਰਣ ਸ਼ੇਰਪੁਰ ਮਾਰਕੀਟ ’ਚ ਇਕ ਦੁਕਾਨਦਾਰ ਵੱਲੋਂ ਆਪਣੇ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਕੁਝ ਦੂਰੀ ’ਤੇ ਸਥਿਤ ਦੂਸਰੇ ਦੁਕਾਨਦਾਰ ਦੇ ਮਾਲਕ ਤੇ ਨੌਕਰ ਦੀ ਦੁਕਾਨ ਦੇ ਅੰਦਰ ਕਥਿਤ ਤੌਰ ’ਤੇ ਦਾਖਲ ਹੋ ਕੇ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੀਡ਼ਤ ਦੁਕਾਨਦਾਰ ਨੇ ਥਾਣਾ ਮੋਤੀ ਨਗਰ ਦੀ ਪੁਲਸ ਨੂੰ ਹਮਲਾਵਰਾਂ ਖਿਲਾਫ ਲਿਖਤੀ ਸ਼ਿਕਾਇਤ ਦਿੰਦੇ ਹੋਏ ਕੁੱਟ-ਮਾਰ ਦੇ ਨਾਲ ਦੁਕਾਨ ਦੇ ਗੱਲੇ ’ਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦੇ ਦੋਸ਼ ਵੀ ਲਾਏ ਹਨ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਵਿਜੇ ਕੁਮਾਰ ਪੁੱਤਰ ਰਾਮ ਸ਼ਰਮਾ ਵਾਸੀ ਸੁਖਦੇਵ ਨਗਰ, ਭਾਮੀਆਂ ਰੋਡ, ਲੁਧਿਆਣਾ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਅੱਜ ਸਵੇਰੇ ਸਾਢੇ 11 ਵਜੇ ਜਦੋਂ ਉਹ ਆਪਣੀ ਦੁਕਾਨ ’ਤੇ ਗਾਹਕਾਂ ਨੂੰ ਅਟੈਂਡ ਕਰ ਰਿਹਾ ਸੀ ਤਾਂ ਇਕ ਸਵਿਫਟ ਡਿਜ਼ਾਇਰ ਕਾਰ ਅਤੇ ਕੁਝ ਮੋਟਰਸਾਈਕਲਾਂ ਉਪਰ ਇਕ ਦਰਜਨ ਤੋਂ ਵੀ ਜ਼ਿਆਦਾ ਵਿਅਕਤੀ ਜਿਨ੍ਹਾਂ ਕੋਲ ਕਥਿਤ ਤੌਰ ’ਤੇ ਕਿਰਪਾਨਾਂ, ਟਕੂਏ ਅਤੇ ਬੇਸਬੈਟ ਸਨ, ਆ ਕੇ ਰੁਕੇ, ਜਿਨ੍ਹਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਉਸ ਦੇ ਨੌਕਰ ਜ਼ਾਫਰ ਅਲੀ ਪੁੱਤਰ ਸ਼ਾਕਰ ਅਲੀ ਵਾਸੀ ਸ਼ੇਰਪੁਰ ਕਲਾਂ ਨਾਲ ਬੁਰੀ ਤਰ੍ਹਾ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਹਮਲਾਵਰਾਂ ਨੇ ਉਸ ਨਾਲ ਵੀ ਗਾਲੀ-ਗਲੋਚ ਕਰਦੇ ਹੋਏ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਆਸ-ਪਾਸ ਦੇ ਦੁਕਾਨਦਾਰਾਂ ਵੱਲੋਂ ਇਕੱਠੇ ਹੋਣ ਤੋਂ ਬਾਅਦ ਉਕਤ ਹਮਲਾਵਰ ਉਸ ਦੇ ਗੱਲੇ ’ਚੋਂ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ, ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।

ਕਿਰਪਾਨ ਛੱਡ ਕੇ ਭੱਜੇ

ਦੁਕਾਨ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਰੰਜਿਸ਼ਨ ਕੀਤੇ ਗਏ ਇਸ ਹਮਲੇ ਦੌਰਾਨ ਉਕਤ ਹਮਲਾਵਰ ਜਾਂਦੇ-ਜਾਂਦੇ ਆਪਣੀ ਇਕ ਕਿਰਪਾਨ ਦੁਕਾਨ ’ਤੇ ਹੀ ਛੱਡ ਕੇ ਫਰਾਰ ਹੋ ਗਏ, ਜਿਸ ਨੂੰ ਉਨ੍ਹਾਂ ਨੇ ਥਾਣਾ ਮੋਤੀ ਨਗਰ ਪੁਲਸ ਦੇ ਹਵਾਲੇ ਕਰ ਦਿੱਤਾ ਹੈ।

ਹਿਰਾਸਤ ’ਚ ਲਏ ਨੌਜਵਾਨ ਖਿਲਾਫ ਕੀਤਾ ਜਾ ਰਿਹੈ ਮਾਮਲਾ ਦਰਜ : ਥਾਣਾ ਮੁਖੀ

ਇਸ ਸਬੰਧੀ ਗੱਲ ਕਰਨ ’ਤੇ ਥਾਣਾ ਮੁਖੀ ਪ੍ਰਗਟ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਹਿਰਾਸਤ ’ਚ ਲਏ ਗਏ ਨੌਜਵਾਨ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਪੁਲਸ ਨੇ ਪੀਡ਼ਤ ਦੁਕਾਨਦਾਰ ਵਿਜੇ ਕੁਮਾਰ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News