ਮਦਦ ਦੇ ਬਹਾਨੇ ਧੋਖੇ ਨਾਲ ਏ.ਟੀ.ਐੱਮ. ਕਾਰਡ ''ਚੋਂ ਮਾਰੀ ਵੱਡੀ ਰਕਮ ਦੀ ਠੱਗੀ

10/01/2020 1:26:47 PM

ਭਵਾਨੀਗੜ੍ਹ(ਕਾਂਸਲ)-ਸਥਾਨਕ ਪੁਲਸ ਨੇ ਜ਼ਿਲਾ ਪੁਲਸ ਮੁਖੀ ਸੰਗਰੂਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਇਕ ਔਰਤ ਦੀ ਸ਼ਿਕਾਇਤ ਉਪਰ ਏ.ਟੀ.ਐੱਮ ਕਾਰਡ ਬਦਲ ਕੇ 2 ਲੱਖ 17 ਹਜਾਰ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਇਕ ਅਣਪਛਾਤੇ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੌਰ ਪਤਨੀ ਅਜਮੇਰ ਸਿੰਘ ਵਾਸੀ ਪਿੰਡ ਮੁਨਸ਼ੀਵਾਲਾ ਨੇ ਜ਼ਿਲਾ ਪੁਲਸ 
ਮੁਖੀ ਸੰਗਰੂਰ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਪਤੀ ਅਜਮੇਰ ਸਿੰਘ ਏ.ਟੀ.ਐੱਮ 'ਚੋਂ ਪੈਸੇ ਕਢਵਾਉਣ ਲਈ ਚੰਨੋਂ ਗਿਆ ਸੀ ਜਿਥੇ ਏ.ਟੀ.ਐਮ 'ਚੋਂ ਪੈਸੇ ਕਢਵਾਉਣ ਲਈ ਦਿੱਕਤ 
ਆਉਣ 'ਤੇ ਅਜਮੇਰ ਸਿੰਘ ਨੇ ਕੋਲ ਖੜ੍ਹੇ ਇਕ ਅਣਪਛਾਤੇ ਵਿਅਕਤੀ ਤੋਂ ਮਦਦ ਲੈ ਕੇ 3 ਹਜ਼ਾਰ ਰੁਪਏ ਦੀ ਨਗਦੀ ਕਢਵਾ ਲਈ ਪਰ ਉਕਤ ਅਣਪਛਾਤੇ ਵਿਅਕਤੀ ਨੇ ਅਜਮੇਰ ਸਿੰਘ ਦੀ ਮਦਦ ਕਰਨ ਦੇ ਬਹਾਨੇ ਨਾਲ ਬਹੁਤ ਹੀ ਚਲਾਕੀ ਨਾਲ ਉਸ ਦਾ ਏ.ਟੀ.ਐੱਮ ਕਾਰਡ ਬਦਲ ਦਿੱਤਾ। 
ਜਿਸ ਦਾ ਪਤਾ ਅਜਮੇਰ ਸਿੰਘ ਨੂੰ ਉਸ ਸਮੇਂ ਚੱਲਿਆ ਜਦੋਂ ਉਸ ਦੇ ਖਾਤੇ 'ਚੋਂ 2 ਲੱਖ 17 ਹਜ਼ਾਰ ਰੁਪਏ ਦੀ ਰਾਸ਼ੀ ਹੋਰ ਖਾਤੇ 'ਚ ਟ੍ਰਾਂਸਫਰ ਹੋ ਗਈ। ਸ਼ਿਕਾਇਤਕਰਤਾ ਔਰਤ ਨੇ ਦੋਸ਼ ਲਗਾਇਆ ਕਿ ਮਦਦ ਦੇ ਬਹਾਨੇ ਨਾਲ ਉਕਤ ਅਣਪਛਾਤੇ ਨੇ ਏ.ਟੀ.ਐੱਮ ਕਾਰਡ ਬਦਲੀ ਕਰਕੇ ਇਹ 2 ਲੱਖ 17 ਹਜ਼ਾਰ ਰੁਪਏ ਦੀ ਰਾਸ਼ੀ ਸਾਡੇ ਖਾਤੇ 'ਚੋਂ ਆਪਣੇ ਖਾਤੇ 'ਚ ਜਮ੍ਹਾ ਕਰਵਾਕੇ ਸਾਡੇ ਨਾਲ ਠੱਗੀ ਮਾਰੀ ਹੈ। ਪੁਲਸ ਨੇ ਜ਼ਿਲਾ ਪੁਲਸ ਮੁਖੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਔਰਤ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਇਸ ਦੀ ਭਾਲ
ਸ਼ੁਰੂ ਕਰ ਦਿੱਤੀ ਹੈ।


Aarti dhillon

Content Editor

Related News