ਸਹਾਇਕ ਥਾਣੇਦਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

08/21/2019 1:55:15 AM

ਮੋਗਾ, (ਆਜ਼ਾਦ)- ਵਿਜੀਲੈਂਸ ਬਿਊਰੋ ਮੋਗਾ ਵੱਲੋਂ ਬੱਧਨੀ ਕਲਾਂ ਦੇ ਇਕ ਸਹਾਇਕ ਥਾਣੇਦਾਰ ਨੂੰ ਅੱਠ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਮੋਗਾ ਦੇ ਡੀ.ਐੱਸ.ਪੀ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੁਖਦੇਵ ਸਿੰਘ ਪੁੱਤਰ ਕਰਨੈਲ ਸਿੰਘ ਨਿਵਾਸੀ ਪਿੰਡ ਬੁਰਜ ਦੁੱਨਾ ਨੇ ਸ਼ਿਕਾਇਤ ਪੱਤਰ ਦਿੱਤਾ ਸੀ ਕਿ ਥਾਣਾ ਬੱਧਨੀ ਕਲਾਂ ਦਾ ਸਹਾਇਕ ਥਾਣੇਦਾਰ ਜਗਸੀਰ ਸਿੰਘ ਉਸ ਕੋਲੋਂ 8 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦਰਸ਼ਨ ਸਿੰਘ ਪੁੱਤਰ ਨਾਹਰ ਸਿੰਘ ਨਿਵਾਸੀ ਪਿੰਡ ਬੁਰਜ ਦੁੱਨਾ (ਨਿਹਾਲ ਸਿੰਘ ਵਾਲਾ) ਨੇ ਸੁਖਦੇਵ ਸਿੰਘ ਨਿਵਾਸੀ ਬੁਰਜ ਦੁੱਨਾ ਖਿਲਾਫ ਕਿਸੇ ਮਾਮਲੇ ’ਚ ਥਾਣਾ ਬੱਧਨੀ ਕਲਾਂ ’ਚ ਸ਼ਿਕਾਇਤ ਦਿੱਤੀ ਸੀ, ਜਿਸ ਦੀ ਕਾਰਵਾਈ ਸਹਾਇਕ ਥਾਣੇਦਾਰ ਜਗਸੀਰ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਉਸ ਨੇ ਸੁਖਦੇਵ ਸਿੰਘ ਨੂੰ ਕਿਹਾ ਕਿ ਉਕਤ ਮਾਮਲਾ ਤੁਹਾਡੇ ਪੱਖ ਵਿਚ ਕਰ ਦੇਵੇਗਾ ਅਤੇ ਉਸ ਨੇ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਅੱਠ ਹਜ਼ਾਰ ਰੁਪਏ ਵਿਚ ਗੱਲ ਤੈਅ ਹੋਈ, ਜਿਸ ’ਤੇ ਉਸ ਨੇ ਸਾਨੂੰ ਸੂਚਿਤ ਕੀਤਾ। ਅੱਜ ਉਨ੍ਹਾਂ ਪੁਲਸ ਪਾਰਟੀ ਸਣੇ ਬੱਧਨੀ ਕਲਾਂ ਜਾ ਕੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੂੰ ਥਾਣੇ ਦੇ ਸਾਹਮਣੇ ਇਕ ਦੁਕਾਨ ਵਿਚ 8 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਦਬੋਚ ਲਿਆ, ਜਿਸ ਖਿਲਾਫ ਥਾਣਾ ਬਿਊਰੋ ਫਿਰੋਜ਼ਪੁਰ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Bharat Thapa

This news is Content Editor Bharat Thapa