ਹਰ ਮੰਦਰ ਅੱਗੇ ਏ.ਐੱਸ.ਆਈ. ਸਮੇਤ 7 ਸੁਰੱਖਿਆ ਮੁਲਾਜ਼ਮ ਹੋਣਗੇ ਤਾਇਨਾਤ

08/24/2019 11:13:48 AM

ਮੋਗਾ (ਆਜ਼ਾਦ)—ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਅੱਜ ਡੀ.ਐੱਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਵੱਲੋਂ ਮੋਗਾ ਦੇ ਪੁਰਾਤਨ ਮੰਦਰ ਸ਼੍ਰੀ ਸਨਾਤਨ ਧਰਮ ਮੰਦਰ ਪ੍ਰਤਾਪ ਰੋਡ 'ਚ ਅੱਜ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਮੁੱਖ ਰੱਖਦਿਆਂ ਸੁਰੱਖਿਆ ਪ੍ਰਬੰਧਾਂ ਸਬੰਧੀ ਵਿਚਾਰਾਂ ਕੀਤੀਆਂ। ਇਸ ਮੌਕੇ ਡੀ.ਐੱਸ.ਪੀ. ਦੇ ਇਲਾਵਾ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਸੁਰਜੀਤ ਸਿੰਘ, ਵਿਜੇ ਸਿੰਗਲਾ ਪ੍ਰਧਾਨ ਮਾਤਾ ਚਿੰਤਪੂਰਨੀ ਮੰਦਰ ਰਾਮਗੰਜ ਮੰਡੀ, ਸਤ ਨਰੈਣ ਪ੍ਰਧਾਨ ਸਨਾਤਨ ਧਰਮ ਮੰਦਰ, ਨਰੇਸ਼ ਗੋਇਲ ਪ੍ਰਧਾਨ ਜਨਤਾ ਸੇਵਕ ਭਜਨ ਮੰਡਲੀ ਰਾਮਗੰਜ ਮੰਡੀ, ਪਵਨ ਪ੍ਰਤੀਨਿਧੀ ਗੀਤਾ ਭਵਨ ਮੋਗਾ ਦੇ ਇਲਾਵਾ ਹੋਰ ਕਈ ਮੰਦਰ ਪ੍ਰਬੰਧਕਾਂ ਨੇ ਭਾਗ ਲਿਆ ਅਤੇ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਡੀ.ਐੱਸ.ਪੀ. ਸੰਧੂ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਮੰਦਰਾਂ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸੁਰੱਖਿਆ ਪ੍ਰਬੰਧਕ ਮਜਬੂਤ ਕੀਤੇ ਗਏ ਹਨ, ਤਾਂ ਜੋ ਸ਼ਰਾਰਤੀ ਅਨਸਰ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਮੰਦਰਾਂ ਅੱਗੇ ਇਕ ਸਹਾਇਕ ਥਾਣੇਦਾਰ, ਹੌਲਦਾਰ, ਸਿਪਾਹੀ ਅਤੇ ਲੇਡੀਜ਼ ਸਿਪਾਹੀ ਸਹਿਤ 7 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣੇ, ਜਦ ਕਿ ਸ਼ਹਿਰ ਦੇ ਹੋਰਨਾਂ ਮੰਦਰਾਂ 'ਚ ਵਿਚ ਇਕ ਸਹਾਇਕ ਥਾਣੇਦਾਰ ਤੇ ਪੁਲਸ ਮੁਲਾਜ਼ਮਾ ਦੀ ਤਾਇਨਾਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਲਸ ਮੁਲਾਜ਼ਮ ਮੰਦਰ ਵਿਚ ਆਉਣ-ਜਾਣ ਵਾਲੇ ਸਾਰੇ ਵਿਅਕਤੀਆਂ 'ਤੇ ਆਪਣੀ ਤਿੱਖੀ ਨਜਰ ਰੱਖਣਗੇ।
ਸਾਰੇ ਪਾਰਕਾਂ ਦੀ ਕੀਤੀ ਚੈਕਿੰਗ
ਡੀ.ਐੱਸ.ਪੀ. ਸੰਧੂ ਨੇ ਦੱਸਿਆ ਕਿ ਸ਼੍ਰੀ ਕ੍ਰਿਸਨ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਸ਼ਹਿਰ ਦੇ ਸਾਰੇ ਪਾਰਕਾਂ ਨੇਚਰ ਪਾਰਕ, ਕਸ਼ਮੀਰੀ ਪਾਰਕ, ਸ਼ਹੀਦੀ ਪਾਰਕ, ਬਾਬਾ ਟੇਕ ਸਿੰਘ ਪਾਰਕ ਅਤੇ ਹੋਰ ਵੀ ਵੱਖ-ਵੱਖ ਇਲਾਕੇ ਵਿਚ ਦੀ ਚੈਕਿੰਗ ਕੀਤੀ ਗਈ, ਤਾਂ ਜੋ ਕੋਈ ਸ਼ੱਕੀ ਵਸਤੂ ਰੱਖ ਕੇ ਕੋਈ ਅਮਨ ਭੰਗ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਵੀ ਅੱਜ ਵਿਸ਼ੇਸ਼ ਗਸ਼ਤ ਪੁਲਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਪੁਲਸ ਪ੍ਰਸ਼ਾਸਨ ਅਤੇ ਮੰਦਰ ਪ੍ਰਬੰਧਕਾਂ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।

Shyna

This news is Content Editor Shyna