ਵੈਟਨਰੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵਜੋਂ ਡਾ. ਇੰਦਰਜੀਤ ਸਿੰਘ ਨੇ ਕਾਰਜਭਾਰ ਸੰਭਾਲਿਆ

06/11/2020 6:52:11 PM

ਲੁਧਿਆਣਾ (ਸਲੂਜਾ) -  ਸ੍ਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ-ਕੁਲਪਤੀ ਵਜੋਂ ਡਾ. ਇੰਦਰਜੀਤ ਸਿੰਘ ਨੇ ਅੱਜ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਤੋਂ ਪਹਿਲਾਂ ਡਾ. ਅਮਰਜੀਤ ਸਿੰਘ ਨੰਦਾ ਇਸ ਯੂਨੀਵਰਸਿਟੀ ਦੇ ਉਪ-ਕੁਲਪਤੀ ਵਜੋਂ ਲਗਭਗ ਸਵਾ ਪੰਜ ਸਾਲ ਤੋਂ ਸੇਵਾਵਾਂ ਦੇ ਰਹੇ ਸਨ।

ਹਰਿਆਣਾ ਨਾਲ ਸੰਬੰਧ ਰੱਖਦੇ ਡਾ. ਇੰਦਰਜੀਤ ਸਿੰਘ ਯੂਨੀਵਰਸਿਟੀ ਵਿਖੇ ਆਪਣੀ ਚੋਣ ਤੋਂ ਪਹਿਲਾਂ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਨਿਰਦੇਸ਼ਕ ਵਜੋਂ ਨਵੰਬਰ 2018 ਤੋਂ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਦਾ ਵੈਟਨਰੀ ਵਿਗਿਆਨ ਦੇ ਖੇਤਰ ਵਿਚ ਪਿਛਲੇ 30 ਸਾਲ ਤੋਂ ਵਧੇਰੇ ਕੰਮ ਕਰਨ ਦਾ ਤਜਰਬਾ ਹੈ। ਉਨ੍ਹਾਂ ਨੇ ਵੈਟਨਰੀ ਵਿਗਿਆਨ ਵਿਚ ਬੈਚਲਰ ਅਤੇ ਮਾਸਟਰ ਦੀ ਡਿਗਰੀ ਚੌਧਰੀ ਚਰਨ ਸਿੰਘ, ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਤੋਂ ਪ੍ਰਾਪਤ ਕੀਤੀ ਅਤੇ ਪੀ.ਐਚ.ਡੀ ਦੀ ਪੜ੍ਹਾਈ ਪਸ਼ੂ ਪ੍ਰਜਣਨ ਵਿਸ਼ੇ ਵਿਚ ਇੰਗਲੈਂਡ ਦੀ ਲਿਵਰਪੂਲ ਯੂਨੀਵਰਸਿਟੀ ਤੋਂ ਕੀਤੀ।

ਪੰਜਾਬ ਵਿਖੇ ਸੇਵਾ ਨਿਭਾਉਣ ਤੋਂ ਪਹਿਲਾਂ ਉਨ੍ਹਾਂ ਨੇ ਮੱਝਾਂ 'ਤੇ ਖੋਜ ਸੰਬੰਧੀ ਕੇਂਦਰੀ ਸੰਸਥਾ, ਹਿਸਾਰ (ਹਰਿਆਣਾ) ਵਿਖੇ ਨਿਰਦੇਸ਼ਕ ਵਜੋਂ 2013 ਤੋਂ ਨਵੰਬਰ 2018 ਤੱਕ ਕਾਰਜ ਕੀਤਾ। ਉਨ੍ਹਾਂ ਨੂੰ ਮੁਰ੍ਹਾ ਮੱਝ ਦੇ ਵਿਗਿਆਨੀ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਵਿਸ਼ੇਸ਼ ਖੋਜ ਮੁਰ੍ਹਾ ਮੱਝ ਦੀ ਨਸਲ ਸੁਧਾਰ ਅਤੇ ਉਸਦੇ ਪ੍ਰਬੰਧਨ ਸੰਬੰਧੀ ਹੈ। ਮੱਝਾਂ ਦੀ ਇਹ ਨਸਲ ਹਰਿਆਣਾ ਅਤੇ ਪੰਜਾਬ ਵਿਚ ਕਿਸਾਨਾਂ ਵਲੋਂ ਬੜੇ ਚਾਅ ਨਾਲ ਪਾਲੀ ਜਾਂਦੀ ਹੈ।

ਯੂਨੀਵਰਸਿਟੀ ਵਿਖੇ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਉਨ੍ਹਾਂ ਨੇ ਆਪਣੇ ਤੋਂ ਪਹਿਲੇ ਉਪ-ਕੁਲਪਤੀਆਂ ਸ. ਡੀ. ਐਸ. ਬੈਂਸ, ਡਾ. ਵੀ. ਕੇ. ਤਨੇਜਾ ਅਤੇ ਡਾ. ਅਮਰਜੀਤ ਸਿੰਘ ਨੰਦਾ ਵਲੋਂ ਯੂਨੀਵਰਸਿਟੀ ਨੂੰ ਅਹਿਮ ਮੁਕਾਮ 'ਤੇ ਲਿਆਉਣ ਸੰਬੰਧੀ ਪਾਏ ਯੋਗਦਾਨ ਨੂੰ ਸਲਾਹਿਆ। ਉਨ੍ਹਾਂ ਕਿਹਾ ਕਿ ਉਹ ਜਿਹੜੇ ਪਹਿਲੇ ਅਹੁਦਿਆਂ 'ਤੇ ਰਹੇ ਹਨ ਉਥੇ ਉਨ੍ਹਾਂ ਨੂੰ ਸਰਕਾਰ, ਭਾਰਤੀ ਖੋਜ ਪਰਿਸ਼ਦ ਅਤੇ ਕਿਸਾਨਾਂ ਦਾ ਬਹੁਤ ਸਹਿਯੋਗ ਮਿਲਦਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਤੌਰ ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ, ਪੰਜਾਬ ਉਨ੍ਹਾਂ ਨੇ ਬਹੁਤ ਵਧੀਆ ਤਜਰਬੇ ਹਾਸਿਲ ਕੀਤੇ ਹਨ ਜੋ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਵਿਖੇ ਕੰਮ ਕਰਦਿਆਂ ਵੀ ਲਾਹੇਵੰਦ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਭਵਿੱਖ ਦੇ ਉਦਮੀਆਂ ਦੇ ਤੌਰ 'ਤੇ ਤਿਆਰ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਅਧਿਆਪਕਾਂ ਅਤੇ ਸਟਾਫ ਨੂੰ ਆਪਣਾ ਹਰ ਕਿਸਮ ਦਾ ਸਹਿਯੋਗ ਦੇਣਗੇ ਤਾਂ ਜੋ ਉਹ ਆਪਣੀਆਂ ਪੂਰੀਆਂ ਸੰਭਾਵਨਾਵਾਂ ਨਾਲ ਯੂਨੀਵਰਸਿਟੀ ਦੇ ਵਿਕਾਸ ਲਈ ਯੋਗਦਾਨ ਪਾ ਸਕਣ।


Harinder Kaur

Content Editor

Related News