ਫੌਲਾਦੀ ਇਰਾਦਿਆਂ ਵਾਲੀ ਕੁੜੀ ਅਰੁਣਮਾ ਸਿਨਹਾ

04/10/2020 1:04:03 PM

ਕਮਲ ਗਰੇਵਾਲ ਪਿੰਡ ਤੇ ਡਾਕਖਾਨਾ ਕਲ੍ਹਾ ਰਾਏਪੁਰ (ਲੁਧਿਆਣਾ)

9814961836

11 ਅਪ੍ਰੈਲ 2011 ਦੀ ਘਟਨਾ ਹੈ ਇੱਕ 23-24 ਕੁ ਸਾਲ ਦੀ ਕੁੜੀ ਟਰੇਨ ਰਾਹੀਂ ਲਖਨਊ ਤੋਂ ਦਿੱਲੀ ਆ ਰਹੀ ਸੀ। ਬਰੇਲੀ ਦੇ ਨੇੜੇ ਉਸ ਟਰੇਨ 'ਚ ਕੁਝ ਬਦਮਾਸ਼ ਚੜ੍ਹ ਗਏ ਜਿਨ੍ਹਾਂ ਦਾ ਇਰਾਦਾ ਲੁੱਟਣਾ ਸੀ । ਪਿਸਤੌਲ ਚਾਕੂ ਦੀ ਨੌਕ ਤੇ ਲੁੱਟ ਸ਼ੁਰੂ ਹੋਈ । ਟਰੇਨ ਦੇ ਇਸ ਆਮ ਡੱਬੇ 'ਚ ਜਿਨ੍ਹੇ ਵੀ ਮੁਸਾਫਿਰ ਸਨ ਸਾਰਿਆਂ ਨੇ ਬਿਨਾਂ ਵਿਰੋਧ ਜੋ ਕੁਝ ਮੰਗਿਆ ਦੇ ਦਿੱਤਾ ਪਰ ਉਹ ਕੁੜੀ ਜੋ ਵਾਲੀਵਾਲ ਦੀ ਰਾਸ਼ਟਰੀ ਪੱਧਰ ਦੀ ਖਿਡਾਰਣ ਸੀ ਉਸ 'ਚ ਖਿਡਾਰੀਆਂ ਵਾਲਾ ਜੱਦੋ ਜਹਿਦ ਕਰਨ ਦਾ ਜਜ਼ਬਾ ਸੀ। ਲੁਟੇਰਆਿਂ ਨੇ ਉਹਦੇ ਗਲ 'ਚ ਪਾਈ ਸੋਨੇ ਦੀ ਗਾਨੀ ਖੋਹਣੀ ਚਾਹੀ ਪਰ ਉਸ ਕੁੜੀ ਦੀ ਬਹਾਦਰੀ ਕਰਕੇ ਨਾਕਾਮ ਰਹੇ। ਪੇਸ਼ ਨਾ ਚੱਲਦੀ ਦੇਖ ਉਨ੍ਹਾਂ ਲੁਟੇਰਆਿਂ ਨੇ ਕੁੜੀ ਨੂੰ ਚੱਲਦੀ ਟਰੇਨ 'ਚੋਂ ਬਾਹਰ ਸੁੱਟ ਦਿੱਤਾ । ਕੁੜੀ ਦੀ ਬਦਕਿਸਮਤੀ ਕਿ ਉਸੇ ਸਮੇਂ ਨਾਲ ਦੀ ਲੀਹ ਤੇ ਇੱਕ ਹੋਰ ਗੱਡੀ ਆ ਰਹੀ ਸੀ। ਗੱਡੀ ਕੁੜੀ ਦੇ ਲੱਤ ਉਪਰ ਦੀ ਲੰਘ ਗਈ ਤੇ ਉਸਦੀ ਇਕ ਲੱਤ ਕੱਟੀ ਗਈ ਤੇ ਦੂਜੀ ਲੱਤ ਦੀਆਂ ਹੱਡੀਆਂ ਬੁਰੀ ਤਰ੍ਹਾਂ ਬਾਹਰ ਆ ਗਈਆਂ। ਉਹ ਕੁੜੀ ਸਾਰੀ ਰਾਤ ਰੇਲਵੇ ਟਰੈਕ ਤੇ ਪਈ ਤੜਫਦੀ ਰਹੀ । ਉਸਨੇ ਦੇਖਆਿ ਕਿ ਛੋਟੇ-ਛੋਟੇ ਚੂਹੇ ਉਸਦੀ ਕੱਟੀ ਹੋਈ ਲੱਤ ਨੂੰ ਖਾ ਰਹੇ ਨੇ । ਕਿੰਨਾਂ ਖੌਫਨਾਕ ਮੰਜਰ ਸੀ। ਸਾਰੀ ਰਾਤ ਜ਼ਿੰਦਗੀ ਨਾਲ ਮੌਤ ਦੀ ਲੜਾਈ ਚੱਲਦੀ ਰਹੀ ।

ਸਵੇਰੇ ਕੁਝ ਲੋਕਾਂ ਨੇ ਉਸ ਨੂੰ ਇਸ ਹਾਲਤ 'ਚ ਤੜਫਦੀ ਦੇਖਿਆ ਤਾਂ ਤੁਰੰਤ ਬਰੇਲੀ ਦੇ ਜ਼ਿਲ੍ਹਾ ਹਸਪਤਾਲ ਵਿਖੇ ਲੈ ਗਏ। ਹੁਣ ਡਾਕਟਰਾਂ ਕੋਲ ਉਸਦੇ ਇਲਾਜ ਲਈ ਲੋੜੀਦਾ ਸਾਮਾਨ ਨਹੀਂ ਸੀ, ਕਿਉਂਕਿ ਉਸਦੇ ਆਪ੍ਰੇਸ਼ਨ ਲਈ ਉਸਨੂੰ ਬੇਹੋਸ਼ ਕਰਨਾ ਪੈਣਾ ਸੀ ਅਤੇ ਖੂਨ ਚੜ੍ਹਾਉਣਾ ਪੈਣਾ ਸੀ । ਹਸਪਤਾਲ ਦੇ ਸਟਾਫ ਨੂੰ ਆਪਸ 'ਚ ਇਹ ਗੱਲਾਂ ਕਰਦਿਆਂ ਇਹ ਕੁੜੀ ਸੁਣ ਰਹੀ ਸੀ । ਪਤਾ ਨਹੀਂ ਉਸਦੇ ਅੰਦਰੋਂ ਕਿਸ ਸ਼ਕਤੀ ਨੇ ਉਸ ਨੂੰ ਹਿੰਮਤ ਦਿੱਤੀ ਤੇ ਉਹ ਬੋਲੀ ਕਿ ਮੈਂ ਸਾਰੀ ਰਾਤ ਲੱਤ ਕੱਟੀ ਅਤੇ ਬੁਰੀ ਤਰ੍ਹਾਂ ਜਖ਼ਮੀ ਹੋਣ ਦੇ ਬਾਵਜੂਦ ਜਿਊਂਦੀ ਰਹਿ ਸਕਦੀ ਹਾਂ ਤੇ ਦਰਦ ਬਰਦਾਸ਼ਤ ਕਰ ਸਕਦੀ ਹਾਂ ਤਾਂ ਹੁਣ ਜਦੋਂ ਤੁਸੀਂ ਮੈਨੂੰ ਬਚਾਉਣ ਲਈ ਮੇਰਾ ਆਪ੍ਰੇਸ਼ਨ ਕਰਨਾ ਹੈ ਤਾਂ ਮੈਂ ਇਹ ਦਰਦ ਕਵੇਂ ਨਹੀਂ ਸਹਿ ਸਕਦੀ । ਉਸਦੇ ਇਸ ਜਜ਼ਬੇ ਨੇ ਹਸਪਤਾਲ ਦੇ ਸਟਾਫ ਅੰਦਰ ਵੀ ਹੌਸਲਾ ਪੈਦਾ ਕਰ ਦਿੱਤਾ ਤੇ ਹਸਪਤਾਲ ਦੇ ਸਟਾਫ ਦੇ ਕੁਝ ਮੈਂਬਰ ਉਸ ਨੂੰ ਆਪਣਾ ਖੂਨ ਦੇਣ ਲਈ ਤਿਆਰ ਹੋ ਗਏ ਤੇ ਉਸਦਾ ਆਪ੍ਰੇਸ਼ਨ ਕੀਤਾ ਗਿਆ । ਸਰਕਾਰ ਨੂੰ ਇਹ ਗੱਲ ਪਤਾ ਲੱਗੀ ਕਿ ਇਹ ਕੁੜੀ ਵਾਲੀਵਾਲ ਦੀ ਰਾਸ਼ਟਰੀ ਪੱਧਰ ਦੀ ਖਿਡਾਰਣ ਹੈ ਤਾਂ ਕੁੜੀ ਨੂੰ ਤੁਰੰਤ ਦਿੱਲੀ ਦੇ ਏਮਜ਼ ਹਸਪਤਾਲ ਦਾਖਲ ਕਰਵਾਇਆ ਗਿਆ । 25 ਦਿਨ ਇਸਦਾ ਇਲਾਜ ਚੱਲਿਆ। ਇਸ ਦੌਰਾਨ ਉਸ ਨੂੰ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ । ਅਖਬਾਰ ਦੀਆਂ ਖਬਰਾਂ ਸਨ ਕਿ ਇਸ ਕੁੜੀ ਨੇ ਮਾਨਸਕਿ ਪਰੇਸ਼ਾਨੀ ਦੇ ਚੱਲਦਿਆਂ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ।ਕਿਸੇ ਨੇ ਲਿਖਿਆ ਕਿ ਕੁੜੀ ਕੋਲ ਟਿਕਟ ਨਹੀਂ ਸੀ ਇਸ ਲਈ ਟੀ.ਟੀ. ਦੇ ਡਰ ਤੋਂ ਉਸਨੇ ਚਲਦੀ ਗੱਡੀ 'ਚੋਂ ਛਾਲ ਮਾਰ ਦਿੱਤੀ । ਹਜ਼ਾਰਾਂ ਲੋਕਾਂ ਦੀਆਂ ਗੱਲਾਂ ਸੁਣੀਆਂ ਬਰਦਾਸ਼ਤ ਕੀਤੀਆਂ ਪਰ ਹਸਪਤਾਲ ਦੇ ਬਿਸਤਰੇ ਤੇ ਹੀ ਉਸ ਕੁੜੀ ਨੇ ਤਹਿ ਕਰ ਲਿਆ ਸੀ ਕਿ ਉਹ ਵਿਕਲਾਂਗ ਕੁਰਸੀ ਤੇ ਬੈਠ ਕੇ ਜ਼ਿੰਦਗੀ ਨਹੀਂ ਗੁਜਾਰੇਗੀ ।

ਉਸਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਟ ਐਵਰੈਸਟ ਚੜ੍ਹਨ ਦਾ ਇਰਾਦਾ ਕਰ ਲਿਆ ਸੀ। ਜਦੋਂ ਇਹ ਗੱਲ ਲੋਕਾਂ ਨੂੰ ਪਤਾ ਲੱਗੀ ਤਾਂ ਲੋਕਾਂ ਨੇ ਉਸ ਨੂੰ ਪਾਗਲ ਕਿਹਾ। ਜਿਸਦੀ ਇਕ ਲੱਤ ਬਨਾਵਟੀ ਹੋਵੇ ਦੂਜੀ 'ਚ ਰਾਡ ਪਈ ਹੋਵੇ ਤੇ ਰੀੜ ਦੀ ਹੱਡੀ ਤਿੰਨ ਥਾਵਾਂ ਤੋਂ ਟੁੱਟ ਚੁੱਕੀ ਹੋਵੇ। ਉਹ ਤਾਂ ਸਿੱਧਾ ਤੁਰ ਵੀ ਨਹੀਂ ਸਕਦੀ ਤੇ ਉਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਤੇ ਜਾਣ ਦੀ ਗੱਲ ਕਰੇ ਤਾਂ ਪਾਗਲ ਹੀ ਸਮਝੀ ਜਾਵੇਗੀ ਪਰ ਉਸ ਕੁੜੀ ਨੇ ਬੱਸ ਫੈਸਲਾ ਕਰ ਲਿਆ ਸੀ ਕਿ ਮੈਂ ਸੰਸਾਰ ਨੂੰ ਦੱਸਣਾ ਹੈ ਕਿ ਮੈਂ ਕੀ ਹਾਂ ਤੇ ਕੀ ਕਰ ਸਕਦੀ ਹਾਂ । ਸਿਰਫ ਕਹਣਿ ਨਾਲ ਹੀ ਮੰਜਿਲ ਸਰ ਨਹੀਂ ਸੀ ਹੋਣੀ। ਹਜ਼ਾਰਾਂ ਮੁਸ਼ਕਲਾਂ ਔਕੜਾਂ ਦਾ ਠਾਠਾਂ ਮਾਰਦਾ ਦਰਿਆ ਸੀ, ਉਸ ਦੇ ਰਾਹ 'ਚ ਪਰ ਜਦੋਂ ਕੋਈ ਇਨਸਾਨ ਆਪਣੇ ਇਰਾਦੇ ਫੌਲਾਦ ਬਣਾ ਲਵੇ ਤਾਂ ਕੋਈ ਵੀ ਦਰਿਆ ਉਸ ਨੂੰ ਮੰਜਲਾਂ ਤੇ ਜਾ ਕੇ ਕਾਮਯਾਬੀਆਂ ਦੇ ਤਖ਼ਤੇ ਗੱਡਣ ਤੋਂ ਨਹੀਂ ਰੋਕ ਸਕਦਾ । ਮੰਜਲਾਂ ਆਪੇ ਸਿਰ ਝੁਕਾ ਕੇ ਉਸ ਇਨਸਾਨ ਦੇ ਕਦਮੀ ਆ ਪੈਂਦੀਆਂ ਨੇ। ਬਹੁਤੇ ਲੋਕ ਜ਼ਿੰਦਗੀ 'ਚ ਇਸੇ ਕਰਕੇ ਅਸਫਲ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦੀ ਜ਼ਿੰਦਗੀ 'ਚ ਕਦੇ ਮੁਸ਼ਕਲਾਂ ਆ ਕੇ ਉਨ੍ਹਾਂ ਨੂੰ ਤਰਾਸਦੀਆਂ ਨਹੀਂ । ਮੁਸੀਬਤਾਂ ਔਕੜਾਂ ਵਿਰੁੱਧ ਸੰਘਰਸ਼ ਕਰਨ ਇਨਸਾਨ ਅੰਦਰ ਸੁੱਤੀਆਂ ਸ਼ਕਤੀਆਂ ਜਾਗ ਪੈਂਦੀਆਂ ਨੇ। ਉਸ ਕੁੜੀ ਦੇ ਸੱਚੇ ਇਰਾਦਿਆਂ ਕਾਰਨ ਕੁਦਰਤ ਉਸਦਾ ਸਾਥ ਦੇਣ ਦਾ ਜਰੀਆ ਬਣਨ ਲੱਗੀ ਤੇ ਉਸਦੀ ਮੁਲਾਕਾਤ 1984 ਦੌਰਾਨ ਐਵਰੈਸਟ ਸਰ ਕਰਨ ਵਾਲੀ ਭਾਰਤ ਦੀ ਪਹਲੀ ਔਰਤ ਬਛੇਦਰੀ ਪਾਲ ਨਾਲ ਹੋਈ । ਬਛੇਦਰੀਪਾਲ ਨੇ ਉਸ ਕੁੜੀ ਦੇ ਇਰਾਦੇ ਸਮਝ ਲਏ ਸੀ ਤੇ ਉਸਨੂੰ ਯਕੀਨ ਹੋ ਗਿਆ ਸੀ ਕਿ ਇਹ ਕੁੜੀ ਜ਼ਰੂਰ ਕੁਝ ਕਰ ਵਿਖਾਵੇਗੀ । ਪਹਾੜ ਚੜ੍ਹਨ ਦੀ ਸਿਖਲਾਈ ਸ਼ੁਰੂ ਹੋਈ, ਜਿਸ ਉਚਾਈ ਤੇ ਪਹੁੰਚਣ ਲਈ ਆਮ ਇਨਸਾਨ ਨੂੰ ਦੱਸ ਮਿੰਟ ਲੱਗਦੇ ਸੀ ਉੱਥੇ ਪਹੁੰਚਣ ਲਈ ਇਸ ਕੁੜੀ ਨੂੰ ਚਾਰ-ਚਾਰ ਘੰਟੇ ਲੱਗ ਜਾਂਦੇ ਸੀ । ਤੁਰਦੀ ਤਾਂ ਲੱਤ 'ਚੋਂ ਖੂਨ ਵਗਣ ਲੱਗ ਜਾਂਦਾ ਜਾਂ ਲੱਤ ਦੀ ਹੱਡੀ ਬਾਹਰ ਆ ਜਾਂਦੀ  ਪਰ ਹਿੰਮਤ ਅਤੇ ਲਗਨ ਐਸੀਆਂ ਤਲਵਾਰਾਂ ਨੇ ਜਿਨ੍ਹਾਂ ਨਾਲ ਇਨਸਾਨ ਆਪਣੀ ਮੰਜ਼ਿਲ ਦੇ ਰਾਹ 'ਚ ਆਉਣ ਵਾਲੀ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਚੀਰ ਕੇ ਅੱਗੇ ਵੱਧ ਸਕਦਾ। ਇਸ ਕੁੜੀ ਦੇ ਅੰਦਰ ਵੀ ਹਿੰਮਤ ਅਤੇ ਲਗਨ ਦਾ ਵਿਸ਼ਾਲ ਸਾਗਰ ਠਾਠਾਂ ਮਾਰ ਰਿਹਾ ਸੀ।

ਹੌਲੀ-ਹੌਲੀ ਉਹਦਾ ਸਰੀਰ ਉਹਦਾ ਸਾਥ ਦੇਣ ਲੱਗਿਆ ਤੇ ਉਨ੍ਹਾਂ ਹੀ ਉਚਾਈਆਂ ਤੇ ਉਹ ਸੱਭ ਤੋਂ ਪਹਿਲਾਂ ਪਹੁੰਚਣ ਲੱਗੀ । ਅੰਤ ਸਮੇਂ ਨੇ ਉਸਦਾ ਸੁਪਨਾ ਪੂਰਾ ਕਰਨ ਲਈ ਦਰਵਾਜ਼ੇ ਖੋਲ੍ਹੇ ਤੇ ਉਹ ਐਵਰੈਸਟ ਦੇ ਰਾਹਾਂ ਤੇ ਖੜ੍ਹੀ ਸੀ । ਜਿੱਥੇ-ਜਿੱਥੇ ਵੱਡੇ-ਵੱਡੇ ਪਰਬਤਾਰੋਹੀ ਸੰਸਾਰ ਦੀ ਇਸ ਸੱਭ ਤੋਂ ਉੱਚੀ ਚੋਟੀ ਦੇ ਗਰੂਰ ਸਾਹਮਣੇ ਸਿਰ ਝੁਕਾ ਕੇ ਹਾਰ ਮੰਨ ਲੈਂਦੇ ਨੇ ਉੱਥੇ ਇਹ ਕੁੜੀ ਇਸ ਚੋਟੀ ਦੇ ਮੱਥੇ ਤੇ ਆਪਣੀ ਜਿੱਤ ਦੀ ਤਖਤੀ ਗੱਡਣ ਲਈ ਇਰਾਦਾ ਕਰੀ ਬੈਠੀ ਸੀ। ਰਾਹ 'ਚ ਮੁਸੀਬਤਾਂ ਦੇ ਦਰਿਆ ਠਾਠਾਂ ਮਾਰ ਰਹੇ ਸਨ । ਉਹਦੇ ਆਪਣੇ ਸ਼ਬਦਾਂ 'ਚ ਜਦੋਂ ਸ਼ੇਰਪਾ ਨੇ ਮੈਨੂੰ ਦੇਖਿਆ ਤਾਂ ਉਸਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਕਹਿੰਦਾ ਇਸ ਕੁੜੀ ਦੀ ਹਾਲਤ ਤਾਂ ਦੇਖੋ ਇਹ ਸਿੱਧਾ ਤੁਰ ਨਹੀਂ ਸਕਦੀ ਐਵਰੈਸਟ ਕਿੱਥੋਂ ਚੜ੍ਹ ਜਾਵੇਗੀ । ਇਹ ਆਪ ਤਾਂ ਮਰੇਗੀ ਨਾਲ ਮੈਨੂੰ ਵੀ ਮਰਵਾਵੇਗੀ । ਬੜੀ ਮੁਸ਼ਕਲ ਨਾਲ ਉਸ ਨੂੰ ਨਾਲ ਜਾਣ ਲਈ ਰਾਜ਼ੀ ਕੀਤਾ। ਸਾਰਾ ਰਸਤਾ ਉਸ ਨੇ ਕਿਵੇਂ ਤੈਅ ਕੀਤਾ ਹੋਊ ਉਹ ਉਸ ਕੁੜੀ ਨੂੰ ਹੀ ਪਤਾ  ਪਰ ਉਹ ਕਹਿੰਦੀ ਹੈ ਕਿ ਐਵਰੈਸਟ ਦੀ ਚੋਟੀ ਤੋਂ ਥੋੜ੍ਹਾ ਥੱਲੇ ਹਲੈਰੀ ਸਲਿਪ ਨਾਂ ਦੀ ਥਾਂ ਤੇ ਆਕਸੀਜ਼ਨ ਦੀ ਕਮੀ ਨਾਲ ਮਰਨ ਵਾਲੇ ਪਰਬਤਾਰੋਹੀਆਂ ਦੀਆਂ ਕਈ ਲਾਸ਼ਾਂ ਪਈਆਂ ਸੀ ਇਨ੍ਹਾਂ ਲਾਸ਼ਾਂ ਨੇ ਮੈਨੂੰ ਕੰਬਣੀ ਛੇੜ ਦਿੱਤੀ। ਮੇਰਾ ਆਕਸੀਜਨ ਸਲੰਡਰ ਵੀ ਲਗਭਗ ਖਤਮ ਹੀ ਸੀ । ਸੇਰਪਾ ਨੇ ਕਿਹਾ ਕਿ ਵਾਪਸ ਚੱਲ ਜ਼ਿੰਦਗੀ ਰਹੀ ਤਾਂ ਦੋਬਾਰਾ ਕੋਸ਼ਿਸ਼ ਕਰ ਲਵੀਂ। ਪਰ ਉਸ ਕੁੜੀ ਨੂੰ ਪਤਾ ਸੀ ਕਿ ਜ਼ਿੰਦਗੀ ਮੌਕੇ ਵਾਰ ਵਾਰ ਨਹੀਂ ਦਿੰਦੀ । ਕੋਈ ਸ਼ਕਤੀ ਸੀ ਮੇਰੇ ਅੰਦਰ ਜੋ ਮੈਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਕਰ ਰਹੀ ਸੀ । ਮੈਂ ਪੂਰਾ ਜ਼ੋਰ ਲਾ ਕੇ ਅੱਗੇ ਵਧੀ ਤੇ ਕੁਝ ਘੰਟਿਆਂ ਦੀ ਜੱਦੋ ਜਹਿਦ ਤੋਂ ਮਗਰੋਂ ਮੈਂ ਸੰਸਾਰ ਦੇ ਸਿਖਰ ਤੇ ਖੜ੍ਹੀ ਸੀ । ਇਹ 21 ਮਈ 2013 ਦਾ ਦਿਨ ਸੀ।

ਇਸ ਕੁੜੀ ਦਾ ਨਾਂ ਅਰੁਣਮਾ ਸਿਨਹਾ ਹੈ। ਇਸ ਸਰੀਰ ਤੋਂ ਵਿਕਲਾਂਗ ਹੋ ਚੁੱਕੀ ਕੁੜੀ ਨੇ ਉਹ ਕਾਰਨਾਮਾ ਕਰ ਦਿਖਾਇਆ ਸੀ ਜਿਸ ਨੂੰ ਕਰਨ ਬਾਰੇ ਇਕ ਚੰਗਾ ਭਲਾ ਇਨਸਾਨ ਖਿਆਲਦਾ ਵੀ ਨਹੀਂ। ਇਸ ਕੁੜੀ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਤੁਸੀਂ ਅਪਾਹਜ ਸਰੀਰ ਤੋਂ ਨਹੀਂ ਇਰਾਦਿਆਂ ਤੋਂ ਸੋਚ ਤੋਂ ਹੁੰਦੇ ਹੋ। ਜੇਕਰ ਤੁਹਾਡੇ ਇਰਾਦੇ ਤੁਹਾਡੀ ਸੋਚ ਅਪਾਹਜ ਨਹੀਂ ਤਾਂ ਜ਼ਿੰਦਗੀ ਦਾ ਕੋਈ ਵੀ ਔਖੇ ਤੋਂ ਔਖਾ ਰਾਹ ਤੁਹਾਨੂੰ ਤੁਹਾਡੇ ਸੁਪਨੇ ਸੱਚ ਕਰਨ ਤੋਂ ਨਹੀਂ ਰੋਕ ਸਕਦਾ । ਫਲਾਸਫਰ ਕਾਂਟ ਦਾ ਕਹਣਾ ਹੈ ਕਿ ਜੇ ਕੋਈ ਪੰਛੀ ਇਹ ਚਾਹੇ ਕਿ ਉਸਦੇ ਉਡਣ 'ਚ ਹਵਾ ਰੁਕਾਵਟ ਨਾ ਬਣੇ ਤਾਂ ਉਸ ਲਈ ਉੱਡਣਾ ਅਸੰਭਵ ਹੋਵੇਗਾ ਤੇ ਉਹ ਧਰਤੀ ਤੇ ਆ ਪਵੇਗਾ। ਹਵਾ ਦਾ ਵਿਰੋਧ ਹੀ ਉਸਨੂੰ ਉੱਡਣ ਦੇ ਸਮਰੱਥ ਬਣਾਉਦਾ ਹੈ। ਇਸੇ ਤਰ੍ਹਾਂ ਮੁਸੀਬਤਾਂ ਹੀ ਇਨਸਾਨ ਨੂੰ ਬਹਾਦਰ ਦੇ ਦ੍ਰਿੜ ਇਰਾਦੇ ਵਾਲਾ ਬਣਾਉਦੀਆਂ ਨੇ। ਜੋ ਲੋਕ ਇਸ ਕੁੜੀ ਨੂੰ ਇਹ ਕਹਿ ਰਹੇ ਸੀ ਕਿ ਤੂੰ ਹੁਣ ਸਵਾਏ ਅੰਗਹੀਣਾਂ ਦੀ ਕੁਰਸੀ ਤੇ ਬੈਠਣ ਤੋਂ ਹੋਰ ਕੁਝ ਨਹੀਂ ਕਰ ਸਕਦੀ ਉਹੀ ਲੋਕ ਅੱਜ ਉਸਦੇ ਸਜਦੇ 'ਚ ਸਿਰ ਝੁਕਾਉਣਾ ਆਪਣੀ ਖੁਸ਼ਕਸਿਮਤੀ ਸਮਝਣ ਲੱਗੇ।  ਸੰਸਾਰ ਨੇ ਇਸ ਕੁੜੀ ਨੂੰ ਐਵਰੈਸਟ ਦੀ ਬੇਟੀ ਕਹਿ ਕੇ ਨਿਵਾਜਆਿ । ਸਰਕਾਰ ਵਲੋਂ ਉਸਨੂੰ ਸਾਲ 2015 ਦੌਰਾਨ ਪਦਮ ਸ੍ਰੀ ਦਾ ਖਿਤਾਬ ਦਿੱਤਾ । ਸੋ ਹਰ ਘਟਨਾ ਪਿੱਛੇ ਕੁਦਰਤ ਵਲੋਂ ਕੋਈ ਨਵੀਂ ਕਹਾਣੀ ਘੜ੍ਹੀ ਜਾ ਰਹੀ ਹੁੰਦੀ ਹੈ ਇਹ ਤੁਹਾਡੇ ਸਬਰ ਅਤੇ ਵਿਸ਼ਵਾਸ਼ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਘਟਨਾ ਜਾਂ ਸਮੇਂ ਨੂੰ ਆਪਣੀ ਲਗਨ, ਮਿਹਨਤ ਅਤੇ ਇਰਾਦਿਆਂ ਨਾਲ ਕਿਵੇਂ ਆਪਣੇ ਅਨੁਕੂਲ ਕਰਦੇ ਹੋ। ਮਹਾਨ ਲੇਖਕ ਵਿਕਟਰ ਹਿਊਗੋ ਦਾ ਕਥਨ ਹੈ ਕਿ ਮਰਨਾ ਕੋਈ ਖਾਸ ਗੱਲ ਨਹੀਂ ਜਿਊਣਾ ਛੱਡ ਦੇਣਾ ਖ਼ਤਰਨਾਕ ਹੈ।
 


Shyna

Content Editor

Related News