ਜੇਤਲੀ ਮੇਰੇ ਨਾਲ ਮਾਂ ਵਰਗੀ ਨੇੜਤਾ ਤੇ ਪਿਓ ਵਰਗਾ ਅਨੁਸ਼ਾਸਨ ਰੱਖਦੇ ਸਨ : ਸੁਖਬੀਰ

08/24/2019 11:45:46 PM

ਚੰਡੀਗੜ੍ਹ,(ਅਸ਼ਵਨੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅਰੁਣ ਜੇਤਲੀ ਦੀ ਬੇਵਕਤੀ ਮੌਤ ਨੂੰ ਸ਼ਬਦਾਂ 'ਚ ਬਿਆਨਿਆ ਨਾ ਜਾਣ ਵਾਲਾ ਦੁਖਾਂਤ ਕਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੇ ਆਪਣਾ ਇਹ ਹੋਣਹਾਰ ਸਪੁੱਤਰ ਗੁਆ ਲਿਆ ਹੈ, ਜਿਹੜਾ ਨਾ ਸਿਰਫ ਦੇਸ਼ ਦੀ ਸੱਚੀ ਧਰਮ ਨਿਰਪੱਖ, ਉਦਾਰ ਅਤੇ ਸੰਘੀ ਭਾਵਨਾ ਦਾ ਪ੍ਰਤੀਕ ਸੀ, ਬਲਕਿ ਸਾਰੀ ਜ਼ਿੰਦਗੀ ਇਨ੍ਹਾਂ ਆਦਰਸ਼ਾਂ ਪ੍ਰਤੀ ਵਚਨਬੱਧ ਰਿਹਾ। ਉਨ੍ਹਾਂ ਕਿਹਾ ਕਿ ਜੇਤਲੀ ਨੇ ਦੇਸ਼ ਦੇ ਲੋਕਾਂ ਨੂੰ ਅਸਹਿਣਸ਼ੀਲਤਾ ਅਤੇ ਦੁਵੱਲੀ ਨਫ਼ਰਤ ਵਰਗੀਆਂ ਆਤਮਘਾਤੀ ਰੁਚੀਆਂ ਤੋਂ ਖਹਿੜਾ ਛੁਡਾਉਣਾ ਸਿਖਾਇਆ। ਉਹ ਦੇਸ਼ ਅੰਦਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਸਨ। ਉਨ੍ਹਾਂ ਦਾ ਵਿਛੋੜਾ ਮੇਰੇ ਲਈ ਬਹੁਤ ਵੱਡਾ ਨਿੱਜੀ ਘਾਟਾ ਹੈ।

ਸੁਖਬੀਰ ਨੇ ਕਿਹਾ ਕਿ ਮੈਂ ਉਨ੍ਹਾਂ ਕੋਲ ਕੋਈ ਵੀ ਸਮੱਸਿਆ ਲੈ ਕੇ ਜਾ ਸਕਦਾ ਸੀ ਅਤੇ ਉਹ ਹਮੇਸ਼ਾ ਮੇਰੇ ਨਾਲ ਇਕ ਮਾਂ ਵਰਗੀ ਨੇੜਤਾ ਅਤੇ ਇਕ ਪਿਓ ਵਰਗਾ ਸਖ਼ਤ ਅਨੁਸਾਸ਼ਨ ਰੱਖਦੇ ਸਨ ਪਰ ਜਦੋਂ ਵੀ ਕੋਈ ਪੰਜਾਬ ਨਾਲ ਜੁੜਿਆ ਮਸਲਾ ਹੁੰਦਾ ਤਾਂ ਉਹ ਮੇਰੇ ਵਲੋਂ ਆਪਣੇ ਸੂਬੇ ਲਈ ਕੀਤੀਆਂ ਬੇਸ਼ੁਮਾਰ ਮੰਗਾਂ ਨੂੰ ਬਹੁਤ ਹੀ ਧਿਆਨ ਅਤੇ ਪਿਆਰ ਨਾਲ ਸੁਣਦੇ ਸਨ। ਸੁਖਬੀਰ ਨੇ ਕਿਹਾ ਕਿ ਪੁਰਾਣੇ ਭਾਰਤ ਅਤੇ ਨਵੇਂ ਭਾਰਤ ਦੇ ਸੁਮੇਲ ਦੀ ਇੰਨੀ ਵਧੀਆ ਤਰਜ਼ਮਾਨੀ ਹੋਰ ਕੋਈ ਨਹੀਂ ਕਰਦਾ, ਜਿੰਨੀ ਜੇਤਲੀ ਕਰਦੇ ਸਨ। ਉਨ੍ਹਾਂ ਕਿਹਾ ਕਿ ਇਹ ਸੁਮੇਲ ਅੱਜ ਦੇ ਭਾਰਤ ਦੀ ਅਮੀਰ ਭਾਸ਼ਾਈ, ਸੱਭਿਆਚਾਰਕ, ਖੇਤਰੀ ਅਤੇ ਧਾਰਮਿਕ ਵਿਭਿੰਨਤਾ ਅਤੇ ਪੁਰਾਤਨ ਨਿਵੇਕਲੇਪਣ ਦਾ ਹੈ, ਜਿਸ ਕਰ ਕੇ ਅੱਜ ਭਾਰਤ ਨੂੰ ਨਵੇਂ ਗਲੋਬਲ ਪਿੰਡ ਦੇ ਇਕ ਕੁਦਰਤੀ ਆਗੂ ਵਜੋਂ ਸਵੀਕਾਰ ਕੀਤਾ ਜਾ ਰਿਹਾ ਹੈ। ਇਸ ਦਾ ਜ਼ਿਆਦਾ ਸਿਹਰਾ ਵਾਜਪਾਈ ਸਾਹਿਬ ਅਤੇ ਜੇਤਲੀ ਸਾਹਿਬ ਨੂੰ ਜਾਂਦਾ ਹੈ।