ਨਕਲੀ ਦੁੱਧ, ਘਿਓ ਆਦਿ ਸਮਾਨ ਤਿਆਰ ਕਰਕੇ ਵੇਚਣ ਵਾਲੀ ਡੇਅਰੀ ਦਾ ਪਰਦਾਫਾਸ਼, ਇਕ ਗ੍ਰਿਫਤਾਰ

09/29/2019 12:10:24 AM

ਮਾਨਸਾ,(ਸੰਦੀਪ ਮਿੱਤਲ): ਜ਼ਿਲਾ ਪੁਲਸ ਵਲੋਂ ਦੁੱਧ, ਖਾਣ ਵਾਲਾ ਘਿਓ, ਮਠਿਆਈਆ ਆਦਿ ਸਮਾਨ ਗੈਰ-ਮਿਆਰੀ/ਨਕਲੀ (ਸਿੰਥੈਟਿਕ) ਤਿਆਰ ਕਰਕੇ ਮਾਰਕੀਟ 'ਚ ਮਹਿੰਗੇ ਭਾਅ ਵੇਚ ਕੇ ਲੋਕਾਂ ਦੀ ਸਿਹਤ ਦਾ ਖਿਲਵਾੜ ਕਰਨ ਵਾਲੇ ਸਮਾਜ ਵਿਰੋਧੀ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ। ਜਦ ਪੁਲਸ ਨੇ ਛਾਪੇਮਾਰੀ ਦੌਰਾਨ ਸਿੰਥੈਟਿਕ ਦੁੱਧ, ਘਿਓ ਆਦਿ ਤਿਆਰ ਕਰਕੇ ਵੇਚਣ ਵਾਲੀ ਡੈਅਰੀ ਦਾ ਪਰਦਾਫਾਸ਼ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਸ ਵਲੋਂ ਅਜਿਹੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਗੁਪਤ ਸੂਚਨਾ ਦੇ ਅਧਾਰ 'ਤੇ ਗੁਰੂ ਨਾਨਕ ਕਾਲਜ ਬੁਢਲਾਡਾ ਨਜ਼ਦੀਕ ਕੀਤੀ ਛਾਪੇਮਾਰੀ ਦੌਰਾਨ ਇਕ ਦੁਕਾਨ ਉਪਰ ਦੁੱਧ-ਡੇਅਰੀ ਦਾ ਧੰਦਾ ਚਲਾ ਕੇ ਸਿੰਥੈਟਿਕ ਦੁੱਧ/ਖਾਣ ਵਾਲਾ ਘਿਓ ਆਦਿ ਤਿਆਰ ਕਰਕੇ ਮਾਰਕੀਟ 'ਚ ਵੇਚਣ ਵਾਲੇ ਸਮਾਜ ਵਿਰੋਧੀ ਅਨਸਰਾ ਬਾਬੂ ਰਾਮ, ਸੁਰੇਸ਼ ਕੁਮਾਰ ਪੁੱਤਰਾਨ ਕੁਲਵੰਤ ਰਾਏ, ਮੁਨੀਸ਼ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀਆਨ ਬੁਢਲਾਡਾ ਤੇ ਮਾਲਕ/ਕਰਮਚਾਰੀ ਬੀ. ਐਮ. ਸੀ. ਡੇਅਰੀ ਮੌੜ (ਜਿਲਾ ਬਠਿੰਡਾ) ਵਿਰੁੱਧ ਮਾਮਲਾ ਦਰਜ ਕਰਕੇ ਮੁਨੀਸ਼ ਕੁਮਾਰ ਨੂੰ ਕਾਬੂ ਕਰਕੇ ਡੇਅਰੀ 'ਚੋਂ 65 ਲੀਟਰ ਰਿਫਾਈਡ ਟਾਈਪ ਕੈਮੀਕਲ, 25 ਕਿਲੋਗ੍ਰਾਮ ਦੇਸੀ ਘਿਓ, 25 ਲੀਟਰ ਦੁੱਧ, ਸਿਲੰਡਰ, ਭੱਠੀ, ਇੱਕ ਕੀਪ, ਕੱਪ, ਪਤੀਲਾ, ਕੈਨੀ, 4 ਢੋਲ ਆਦਿ ਸਿੰਥੈਟਿਕ ਦੁੱਧ/ਖਾਣ ਵਾਲਾ ਘਿਓ ਤੇ ਤਿਆਰ ਕਰਨ ਲਈ ਵਰਤਿਆ ਜਾਂਦਾ ਮਟੀਰੀਅਲ ਬਰਾਮਦ ਕੀਤਾ ਗਿਆ ਹੈ। ਜਦ ਕਿ ਬਾਕੀ ਵਿਅਕਤੀ ਭੱਜਣ 'ਚ ਸਫਲ ਹੋ ਗਏ। ਉਨ੍ਹਾਂ ਦੱਸਿਆ ਕਿ ਉਕਤ ਡੈਅਰੀ ਪ੍ਰਬੰਧਕ ਸਸਤੇ ਭਾਅ 'ਚ ਦੁੱਧ ਖਰੀਦ ਕੇ ਘੱਟ ਫੈਟ ਤੋਂ ਵੱਧ ਫੈਟ ਬਣਾਉਣ ਲਈ ਕੈਮੀਕਲ ਦੀ ਵਰਤੋਂ ਕਰਕੇ ਵੱਡੀ ਮਾਤਰਾ 'ਚ ਦੁੱਧ ਤਿਆਰ ਕਰਕੇ ਬੀ. ਐਮ. ਸੀ ਡੇਅਰੀ ਮੌੜ ਰਾਹੀਂ ਪ੍ਰਾਈਵੇਟ ਤੇ ਸਰਕਾਰੀ ਅਦਾਰਿਆਂ ਨੂੰ ਅਜਿਹਾ ਘਟੀਆ ਦੁੱਧ ਵੇਚ ਕੇ ਮੋਟੀ ਕਮਾਈ ਕਰਨ ਦੇ ਨਾਲ-ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਸਨ। 

ਕੀ ਕਹਿਣਾ ਹੈ ਜ਼ਿਲਾ ਪੁਲਸ ਮੁਖੀ ਦਾ
ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਤਿਉਹਾਰਾਂ ਦੇ ਨਜ਼ਦੀਕ ਹੋਣ ਦੇ ਚੱਲਦਿਆਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਫੜੇ ਗਏ ਵਿਅਕਤੀ ਦਾ ਪੁਲਸ ਰਿਮਾਂਡ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਕਿਸ ਸਮੇਂ ਤੋਂ ਅਤੇ ਕਿਹੜੇ ਵਿਅਕਤੀਆਂ ਦੀ ਮਿਲੀਭੁਗਤ ਨਾਲ ਇਹ ਧੰਦਾ ਚਲਾ ਰਹੇ ਸਨ। ਉਨ•ਾਂ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਪਤਾ ਕਰਾਂਗੇ ਕਿ ਅਜਿਹਾ ਘਟੀਆ ਦੁੱਧ ਕਿੱਥੇ ਕਿੱਥੇ ਸਪਲਾਈ ਕੀਤਾ ਜਾ ਰਿਹਾ ਸੀ। ਉਨ•ਾਂ ਦੱਸਿਆ ਕਿ ਬਰਾਮਦ ਕੀਤੇ ਮਾਲ ਦੇ ਸਿਹਤ ਵਿਭਾਗ ਵੱਲੋਂ ਵੱਖ ਵੱਖ ਨਮੂਨੇ ਕੱਢ ਕੇ ਜਾਂਚ ਲਈ ਲੈਬਾਰਟਰੀ ਵਿੱਚ ਭੇਜੇ ਗਏ ਹਨ। ਨਤੀਜੇ ਹਾਸਲ ਹੋਣ ਤੇ ਮੁਕੱਦਮਾ ਵਿੱਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News