ਮੰਦਰ ਦੇ ਸੇਵਾਦਾਰ ਸਮੇਤ 2 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ

05/17/2020 2:14:43 AM

ਮੋਗਾ,(ਆਜ਼ਾਦ)- ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫਿਊ ਦੌਰਾਨ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ ਦੇ ਵਧ ਰਹੇ ਹੌਂਸਲਿਆਂ ’ਤੇ ਰੱਖੀ ਜਾ ਰਹੀ ਤਿੱਖੀ ਨਜ਼ਰ ਕਾਰਨ ਮੋਗਾ ਪੁਲਸ ਨੇ ਜ਼ੀਰਾ ਇਲਾਕੇ ਦੇ ਇਕ ਪ੍ਰਸਿੱਧ ਮੰਦਰ ਦੇ ਸੇਵਾਦਾਰ ਸੋਨੂੰ ਸ਼ਾਹ ਸਮੇਤ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ’ਚ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ, ਜਿਸ ਦੇ ਕਈ ਵੱਡੇ-ਵੱਡੇ ਪੁਲਸ ਅਧਿਕਾਰੀਆਂ ਅਤੇ ਰਾਜਨੀਤਕ ਨੇਤਾਵਾਂ ਦੇ ਨਾਲ ਸਬੰਧ ਦੱਸੇ ਜਾ ਰਹੇ ਹਨ। ਅੱਜ ਇਸ ਸਬੰਧ ’ਚ ਐੱਸ. ਪੀ. ਆਈ. ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਦੇ ਆਦੇਸ਼ ’ਤੇ ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਉਕਤ ਮੁਹਿੰਮ ਤਹਿਤ ਜਦ ਡੀ. ਐੱਸ. ਪੀ. ਧਰਮਕੋਟ ਯਾਦਵਿੰਦਰ ਸਿੰਘ ਬਾਜਵਾ, ਥਾਣਾ ਮੁਖੀ ਕੋਟ ਈਸੇ ਖਾਂ ਦੇ ਇੰਚਾਰਜ ਜਸਵਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਮੁਖੀ ਪੁਲਸ ਚੌਂਕੀ ਦੋਲੇਵਾਲਾ ਨਸ਼ਾ ਤਸਕਰਾਂ ਦੀ ਤਲਾਸ਼ ਲਈ ਇਲਾਕੇ ’ਚ ਗਸ਼ਤ ਕਰ ਰਹੇ ਸਨ, ਜਦ ਪੁਲਸ ਪਾਰਟੀ ਬੱਸ ਅੱਡਾ ਪਿੰਡ ਮੰਦਰ ਕੋਲ ਪੁੱਜੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਜ਼ੀਰਾ ਇਲਾਕੇ ਅਧੀਨ ਪੈਂਦੇ ਪਿੰਡ ਬੱਲ ’ਚ ਸਥਿਤ ਇਕ ਮੰਦਰ ਦੇ ਸੇਵਾਦਾਰ ਵਿਨੋਦ ਕੁਮਾਰ ਉਰਫ ਬਾਬਾ ਉਰਫ ਸੋਨੂੰ ਸ਼ਾਹ ਨਿਵਾਸੀ ਪਿੰਡ ਹਰੀਕੇ (ਤਰਨਤਾਰਨ) ਅਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਨਿਵਾਸੀ ਪਿੰਡ ਤਲਵੰਡੀ ਜੱਲੇ ਖਾਂ ਹਾਲ ਅਬਾਦ ਪਿੰਡ ਕੋਟ ਸਦਰ ਖਾਂ ਗੱਡੀ ’ਤੇ ਭਾਰੀ ਮਾਤਰਾ ’ਚ ਨਸ਼ੇ ਵਾਲੀਆਂ ਗੋਲੀਆਂ ਲੈ ਕੇ ਆ ਰਹੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਲਿੰਕ ਰੋਡ ਕਿੱਲੀ ਗਾਂਧਰਾ ਦੇ ਪੁਲ ਸੂਆ ’ਤੇ ਨਾਕਾਬੰਦੀ ਕਰ ਕੇ ਜਦ ਕਾਰ ਨੂੰ ਰੋਕਿਆ, ਜਿਸ ਨੂੰ ਬਾਬਾ ਸੋਨੂੰ ਸ਼ਾਹ ਚਲਾ ਰਿਹਾ ਸੀ ਅਤੇ ਸੁਖਵਿੰਦਰ ਸਿੰਘ ਸੁੱਖਾ ਪਿੱਛੇ ਬੈਠਾ ਸੀ। ਕਾਰ ਦੀ ਤਲਾਸ਼ੀ ਲੈਣ ’ਤੇ 20 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜਿਸ ’ਤੇ ਪੁਲਸ ਪਾਰਟੀ ਨੇ ਉਕਤ ਦੋਵਾਂ ਨੂੰ ਗੱਡੀ ਅਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਆਪਣੀ ਹਿਰਾਸਤ ’ਚ ਲੈ ਲਿਆ ਅਤੇ ਉਨ੍ਹਾਂ ਖਿਲਾਫ ਥਾਣਾ ਕੋਟ ਈਸੇ ਖਾਂ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਐੱਸ. ਪੀ. ਆਈ. ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਅੱਜ ਦੋਨੋਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਕਤ ਦੋਵਾਂ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਦਿੱਤਾ। ਇਸ ਮੌਕੇ ਡੀ. ਐੱਸ. ਪੀ. ਯਾਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਇਹ ਜਾਨਣ ਦਾ ਯਤਨ ਕਰ ਰਹੇ ਹਾਂ ਕਿ ਦੋਸ਼ੀ ਕਦੋਂ ਤੋਂ ਇਹ ਧੰਦਾ ਕਰ ਰਹੇ ਹਨ ਅਤੇ ਇਨ੍ਹਾਂ ਨਾਲ ਹੋਰ ਕੌਣ-ਕੌਣ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਿਸ ਮੰਦਰ ਦਾ ਬਾਬਾ ਸੋਨੂੰ ਸ਼ਾਹ ਸੇਵਾਦਾਰ ਹੈ, ਉਸਦੀ ਸੰਚਾਲਕਾ ਇਕ ਮਹਿਲਾ ਹੈ। ਜਾਂਚ ਦੇ ਬਾਅਦ ਹੋਰ ਵੀ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ।


Bharat Thapa

Content Editor

Related News