ਸਹਿ-ਕਰਮਚਾਰੀ ਦੇ ਸੈਲਰੀ ਅਕਾਊਂਟ ’ਚੋਂ 5.15 ਲੱਖ ਕੱਢਣ ਵਾਲਾ ਗ੍ਰਿਫ਼ਤਾਰ

03/13/2022 3:43:35 PM

ਚੰਡੀਗੜ੍ਹ (ਸੰਦੀਪ) : ਸਹਿ-ਕਰਮਚਾਰੀ ਦੇ ਸੈਲਰੀ ਅਕਾਊਂਟ ਵਿਚ ਧੋਖੇ ਨਾਲ ਸੰਨ੍ਹ ਲਾ ਕੇ 5.15 ਲੱਖ ਰੁਪਏ ਵੱਖ-ਵੱਖ ਬੈਂਕਾਂ ਵਿਚ ਟਰਾਂਸਫਰ ਕਰ ਕੇ ਕੱਢਵਾਉਣ ਵਾਲੇ ਮੁਲਜ਼ਮ ਨੂੰ ਸਾਈਬਰ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸਦੀ ਪਛਾਣ ਸੈਕਟਰ-41 ਨਿਵਾਸੀ ਚੰਦਰਪਾਲ (36) ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਨੂੰ ਬੀਤੇ ਦਿਨੀਂ ਗ੍ਰਿਫ਼ਤਾਰ ਕਰ ਕੇ ਜ਼ਿਲਾ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਪੁਲਸ ਨੇ ਸਥਾਨਕ ਨਿਵਾਸੀ ਚੰਦ੍ਰਿਕਾ ਪ੍ਰਸ਼ਾਦ ਦੀ ਸ਼ਿਕਾਇਤ ’ਤੇ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ. ਐੱਸ. ਪੀ. ਸਾਈਬਰ ਸੈੱਲ ਰਸ਼ਮੀ ਸ਼ਰਮਾ ਦੀ ਸੁਪਰਵਿਜ਼ਨ ਵਿਚ ਕੇਸ ਦਾ ਖੁਲਾਸਾ ਕਰਨ ਵਾਲੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਹਰੀਓਮ ਨੇ ਦੱਸਿਆ ਕਿ ਸ਼ਿਕਾਇਤਕਰਤਾ ਚੰਦ੍ਰਿਕਾ ਪ੍ਰਸ਼ਾਦ ਨੇ ਪੁਲਸ ਜਾਂਚ ਦੌਰਾਨ ਦੱਸਿਆ ਕਿ ਉਹ ਨਗਰ ਨਿਗਮ ਵਿਚ ਟਿਊਬਵੈੱਲ ਆਪ੍ਰੇਟਰ ਹੈ। ਉਸ ਦਾ ਓਰੀਐਂਟਲ ਬੈਂਕ ਆਫ਼ ਕਾਮਰਸ ਵਿਚ ਖਾਤਾ ਹੈ। ਜੁਲਾਈ 2018 ਵਿਚ ਉਸ ਦੇ ਸੈਲਰੀ ਅਕਾਊਂਟ ਵਿਚ ਉਸ ਦੀ 27 ਹਜ਼ਾਰ ਰੁਪਏ ਤਨਖਾਹ ਆਈ ਪਰ ਕੁਝ ਸਮੇਂ ਬਾਅਦ ਉਸ ਦੀ ਜਾਣਕਾਰੀ ਦੇ ਬਿਨਾਂ ਹੀ ਤਨਖਾਹ ਸਟੇਟ ਬੈਂਕ ਆਫ਼ ਇੰਡੀਆ ਦੇ ਇਕ ਖਾਤੇ ਵਿਚ ਟਰਾਂਸਫਰ ਹੋ ਗਈ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਪੁੱਜੀ ਬਰਨਾਲਾ ; ਕੀਤਾ ਅੰਤਿਮ ਸੰਸਕਾਰ

ਉਸ ਨੇ ਦੱਸਿਆ ਕਿ ਇਸੇ ਤਰ੍ਹਾਂ ਉਸ ਦੇ ਬੈਂਕ ਖਾਤੇ ਵਿਚੋਂ 22 ਮਾਰਚ 2018 ਅਤੇ 25 ਅਪ੍ਰੈਲ 2018 ਨੂੰ 1,36,600 ਅਤੇ 3,50,00 ਰੁਪਏ ਇਸ ਖਾਤੇ ਵਿਚ ਟਰਾਸਫ਼ਰ ਕੀਤੇ ਗਏ ਸਨ। ਆਪਣੇ ਖਾਤੇ ਵਿਚੋਂ ਇਸੇ ਤਰ੍ਹਾਂ ਪੈਸੇ ਟਰਾਂਸਫਰ ਕੀਤੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਹੀ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ। ਜਾਂਚ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਬੀਮਾਰ ਹੋਣ ਕਾਰਨ ਜਨਵਰੀ 2018 ਵਿਚ ਉਹ ਹਸਪਤਾਲ ਵਿਚ ਭਰਤੀ ਸੀ, ਇਸ ਸਮੇਂ ਉਸ ਦਾ ਇਕ ਸਹਿ-ਕਰਮਚਾਰੀ ਚੰਦਰਪਾਲ ਉਸ ਦਾ ਹਾਲਚਾਲ ਪੁੱਛਣ ਲਈ ਉਸ ਕੋਲ ਆਇਆ ਸੀ। ਇਸ ਦੌਰਾਨ ਚੰਦਰਪਾਲ ਨੇ ਉਸ ਨੂੰ ਕਿਹਾ ਸੀ ਕਿ ਉਹ ਆਪਣੇ ਇਲਾਜ ਲਈ ਵਿਭਾਗ ਤੋਂ ਮੈਡੀਕਲ ਲੋਨ ਕਰਵਾ ਕੇ ਨਿੱਜੀ ਹਸਪਤਾਲ ਵਿਚ ਬਿਹਤਰ ਇਲਾਜ ਕਰਵਾ ਸਕਦਾ ਹੈ। ਇਹ ਗੱਲ ਕਰਦਿਆਂ ਹੀ ਚੰਦਰਪਾਲ ਨੇ ਉਸ ਤੋਂ ਕੁਝ ਦਸਤਾਵੇਜਾਂ ’ਤੇ ਦਸਤਖਤ ਕਰਵਾਏ ਸਨ ਅਤੇ ਉਸ ਦੀ ਪਤਨੀ ਤੋਂ ਇਸ ਲੋਨ ਸਬੰਧੀ ਖਾਲੀ ਚੈੱਕ ਵੀ ਲਿਆ ਸੀ, ਜਿਸ ਤੋਂ ਬਾਅਦ ਸ਼ਿਕਾਇਕਰਤਾ ਨੂੰ ਇਸ ਦੀ ਜਾਣਕਾਰੀ ਨਹੀਂ ਮਿਲੀ ਕਿ ਵਿਭਾਗ ਵਲੋਂ ਉਸ ਦਾ ਲੋਨ ਮਨਜ਼ੂਰ ਹੋਇਆ ਹੈ ਜਾਂ ਨਹੀਂ। ਜਾਂਚ ਵਿਚ ਸਾਹਮਣੇ ਆਇਆ ਕਿ ਚੰਦਰਪਾਲ ਨੇ ਸ਼ਿਕਾਇਤਕਰਤਾ ਨਾਲ 5.15 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ, ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਚੰਦਰਪਾਲ ਖਿਲਾਫ਼ ਸੈਕਟਰ-11 ਥਾਣਾ ਵਿਚ ਕੇਸ ਦਰਜ ਕਰ ਕੇ ਉਸ ਨੂੰ ਸ਼ੁੱਕਰਵਾਰ ਗ੍ਰਿਫ਼ਤਾਰ ਕੀਤਾ ਗਿਆ। ਸ਼ਨੀਵਾਰ ਉਸ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੰਗਰੂਰ ਵਿਖੇ ਭਿਆਨਕ ਸੜਕ ਹਾਦਸੇ 'ਚ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਪਰਿਵਾਰ 'ਚ ਵਿਛੇ ਸੱਥਰ

ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ

ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਚੰਦਰਪਾਲ ਨੇ ਸ਼ਿਕਾਇਤਕਰਤਾ ਚੰਦ੍ਰਿਕਾ ਪ੍ਰਸ਼ਾਦ ਦਾ ਸਿੰਮ ਕਾਰਡ ਲੈ ਲਿਆ। ਉਸ ਦੇ ਡੈਬਿਟ ਕਾਰਡ ਦਾ ਨੰਬਰ ਅਤੇ ਸੀ. ਵੀ. ਵੀ. ਨੰਬਰ ਵੀ ਹਾਸਲ ਕਰ ਲਿਆ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਦਾ ਸਿੰਮ ਕਾਰਡ ਆਪਣੇ ਕਿਸੇ ਹੋਰ ਜਾਣਕਾਰ ਦੇ ਮੋਬਾਇਲ ਵਿਚ ਵਰਤ ਕੇ ਉਸ ਦੇ ਬੈਂਕ ਖਾਤੇ ਵਿਚੋਂ ਨੈੱਟ ਬੈਂਕਿਗ ਰਾਹੀਂ 5.15 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿਚ ਟਰਾਂਸਫਰ ਕਰ ਕੇ ਏ. ਟੀ. ਐੱਮ. ਰਾਹੀਂ ਇਹ ਰਾਸ਼ੀ ਕੱਢਵਾ ਲਈ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Gurminder Singh

Content Editor

Related News